ਲੁਧਿਆਣਾ, 12 ਜਨਵਰੀ : ਲੋਹੜੀ ਉੱਤਰੀ ਭਾਰਤ ਵਿੱਚ, ਮੁੱਖ ਤੌਰ ’ਤੇ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਸਿੱਧ ਤਿਉਹਾਰ ਹੈ। ਪਸਾਰ ਸਿੱਖਿਆ ਵਿਭਾਗ ਵੱਲੋਂ ਕੈਰੋਂ ਕਿਸਾਨ ਘਰ, ਪੀ.ਏ.ਯੂ. ਵਿਖੇ ਲੋਹੜੀ ਮਨਾਈ ਗਈ ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸਾਡੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖਣਾ ਬਹੁਤ ਜਰੂਰੀ ਹੈ ਅਤੇ ਲੋਹੜੀ ਇੱਕ ਰਵਾਇਤੀ ਤਿਉਹਾਰ ਹੈ ਜੋ ਸਮੂਹਿਕ ਤੌਰ ’ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਸਾਰ ਸਿੱਖਿਆ ਵਿਭਾਗ ਤਕਨਾਲੋਜੀ ਦੇ ਤਬਾਦਲੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸਾਡੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਮਹੱਤਤਾ ਦਾ ਪ੍ਰਚਾਰ ਵੀ ਕਰਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪਸਾਰ ਸਿੱਖਿਆ ਦੇ ਖੇਤਰ ਵਿੱਚ ਅੰਤਰਰਾਸਟਰੀ ਸਬੰਧਾਂ ਨੂੰ ਮਜਬੂਤ ਕਰਨ ਲਈ ਉਪਰਾਲੇ ਕੀਤੇ ਜਾਣਗੇ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਤਿਉਹਾਰ ਨਿੱਘੇ ਮੌਸਮ ਦੀ ਆਮਦ ਲਈ ਮਨਾਇਆ ਜਾਂਦਾ ਹੈ, ਇਹ ਰਵਾਇਤੀ ਲੋਕ ਗੀਤਾਂ, ਨਾਚਾਂ ਅਤੇ ਖਾਣ-ਪੀਣ ਦੇ ਵਿਚਕਾਰ ਹਾੜੀ ਦੀਆਂ ਫਸਲਾਂ ਦੇ ਚਮਕਦੇ ਮੋਤੀਆਂ ਨੂੰ ਦੇਖ ਕੇ ਖੁਸੀ ਨੂੰ ਫੈਲਾਉਣ ਦਾ ਇੱਕ ਤਰੀਕਾ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਧੰਨਵਾਦ ਦਾ ਮਤਾ ਪੇਸ ਕਰਦੇ ਹੋਏ ਕਿਹਾ ਕਿ ਪਸਾਰ ਸਿੱਖਿਆ ਵਿਭਾਗ ਸਾਡੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਪ੍ਰੋਗਰਾਮਾਂ ਦੇ ਆਯੋਜਨ ਲਈ ਵਚਨਬੱਧ ਰਹੇਗਾ। ਇਸ ਮੌਕੇ ਡਾ. ਰਵਿੰਦਰ ਕੌਰ ਧਾਲੀਵਾਲ, ਡਾ. ਰੁਪਿੰਦਰ ਕੌਰ, ਡਾ. ਨਿਰਮਲ ਜੌੜਾ ਨੇ ਵੀ ਆਪਣੇ ਵਿਚਾਰ ਰੱਖੇ। ਵਿਦਿਆਰਥੀਆਂ ਨੇ ਲੋਕ ਨਾਚ, ਗਿੱਧਾ, ਕਵਿਤਾਵਾਂ ਆਦਿ ਪੇਸ ਕੀਤੀਆਂ ਜਿਸ ਤੋਂ ਬਾਅਦ ਮੂੰਗਫਲੀ, ਗੱਚਕ, ਰਿਉੜੀਆਂ ਦਾ ਆਨੰਦ ਮਾਣਿਆ।