ਲੁਧਿਆਣਾ 16 ਜੁਲਾਈ 2024 : ਪੀ.ਏ.ਯੂ. ਦੇ ਐੱਮ ਐੱਸ ਰੰਧਾਵਾ ਫਲ ਖੋਜ ਕੇਂਦਰ ਗੰਗੀਆਂ ਵੱਲੋਂ ਫਲ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਦਸੂਹਾ ਵਿਚ ਅੰਬਾਂ ਅਤੇ ਨਾਖਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਕਰਵਾਈ ਗਈ। ਇਸ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਦਸੂਹਾ ਦੇ ਉੱਘੇ ਕਿਸਾਨ ਸ ਜਗਮੋਹਨ ਸਿੰਘ ਸ਼ਾਮਿਲ ਹੋਏ। ਇਸਦੇ ਨਾਲ ਹੀ ਬਾਗਬਾਨੀ ਵਿਭਾਗ ਦੇ ਸਾਬਕਾ ਨਿਰਦੇਸ਼ਕ ਸ ਗੁਰਕੰਵਲ ਸਿੰਘ ਵੀ ਗੋਸ਼ਟੀ ਵਿਚ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਦੌਰਾਨ ਪੰਜਾਬ ਦੇ ਇਸ ਇਲਾਕੇ ਵਿਚ ਪੈਦਾ ਹੋਣ ਵਾਲੇ ਅੰਬਾਂ ਅਤੇ ਨਾਖਾਂ ਦੀ ਪ੍ਰਦਰਸ਼ਨੀ ਲਾ ਕੇ ਹੋਰ ਕਿਸਾਨਾਂ ਨੂੰ ਉਹਨਾਂ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਅੰਬ ਪੰਜਾਬੀਆਂ ਲਈ ਇਕ ਫਲ ਹੋਣ ਦੇ ਨਾਲ-ਨਾਲ ਵਿਰਾਸਤ ਦਾ ਪ੍ਰਤੀਕ ਵੀ ਹੈ। ਉਹਨਾਂ ਕਿਹਾ ਕਿ ਕੰਢੀ ਅਤੇ ਸੀਰੋਵਾਲ ਦੇ ਇਲਾਕੇ ਨੂੰ ਦੁਨੀਆਂ ਭਰ ਵਿਚ ਪਛਾਣ ਦੇਣ ਲਈ ਅੰਬਾਂ ਦਾ ਖਾਸ ਮਹੱਤਵ ਹੈ। ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ ਦੀ ਬੋਲੀ ਦਾ ਅਧਾਰ ਵੀ ਇਸ ਇਕਾਲੇ ਦੇ ਅੰਬ ਹੀ ਬਣੇ। ਨੀਮ ਪਹਾੜੀ ਖੇਤਰਾਂ ਵਿਚ ਮਿਲਣ ਵਾਲੇ ਦੇਸੀ ਅੰਬ ਪਿਛਲੇ ਕੁਝ ਸਮੇਂ ਤੋਂ ਅਲੋਪ ਹੋ ਰਹੇ ਸਨ। ਪੀ.ਏ.ਯੂ. ਦੇ ਫਲ ਖੋਜ ਕੇਂਦਰ ਗੰਗੀਆਂ ਨੇ ਕੋਸ਼ਿਸ਼ਾਂ ਕੀਤੀਆਂ ਹਨ ਕਿ ਇਹਨਾਂ ਫਲਾਂ ਦੇ ਬੂਟੇ ਦੁਬਾਰਾ ਕਿਸਾਨ ਆਪਣੇ ਖੇਤਾਂ ਅਤੇ ਖਾਲੀ ਥਾਵਾਂ ਤੇ ਲਾਉਣ। ਵਾਈਸ ਚਾਂਸਲਰ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਸਿਹਤ ਅਤੇ ਪੋਸ਼ਣ ਦੀ ਸੁਰੱਖਿਆ ਲਈ ਫਲਾਂ ਦੀ ਵਰਤੋਂ ਬਾਰੇ ਰੁਝਾਨ ਵਧਿਆ ਹੈ ਇਸਲਈ ਪੇਂਡੂ ਇਲਾਕੇ ਦੇ ਲੋਕਾਂ ਨੂੰ ਆਪਣੇ ਖੇਤਾਂ ਅਤੇ ਪਿੰਡਾਂ ਵਿਚ ਖਾਲੀ ਪਈ ਜ਼ਮੀਨ ਉੱਪਰ ਅੰਬਾਂ ਅਤੇ ਨਾਖਾਂ ਦੇ ਰੁੱਖ ਲਾ ਕੇ ਸਾਂਝੀਵਾਲਤਾ ਲਈ ਯਤਨ ਕਰਨੇ ਚਾਹੀਦੇ ਹਨ। ਵਾਈਸ ਚਾਂਸਲਰ ਨੇ ਵਪਾਰਕ ਮੰਤਵ ਲਈ ਫਲਾਂ ਦੀ ਕਾਸ਼ਤ ਬਾਰੇ ਪੀ.ਏ.ਯੂ. ਦੇ ਫਲ ਵਿਗਿਆਨ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਬਾਰੇ ਵੀ ਦੱਸਿਆ। ਉੱਘੇ ਕਿਸਾਨ ਸ. ਜਗਮੋਹਨ ਸਿੰਘ ਘੁੰਮਣ ਨੇ ਇਸ ਮੌਕੇ ਪੀ.ਏ.ਯੂ. ਵੱਲੋਂ ਇਤਿਹਾਸ ਵਿਚ ਖੇਤੀ ਦੇ ਵਿਕਾਸ ਲਈ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਹਨਾਂ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੀ.ਏ.ਯੂ. ਮਾਹਿਰਾਂ ਨਾਲ ਸੰਪਰਕ ਵਿਚ ਰਹਿ ਕੇ ਆਪਣੀ ਖੇਤੀ ਦੀ ਵਿਉਂਤਬੰਦੀ ਕਰਨ। ਮਾਣਯੋਗ ਵਿਧਾਇਕ ਨੇ ਮੋਟਰਾਂ ਅਤੇ ਖੇਤਾਂ ਦੇ ਬੰਨਿਆਂ ਦੇ ਫਲਦਾਰ ਬੂਟੇ ਲਾਉਣ ਦੇ ਰੁਝਾਨ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਦੱਸਿਆ ਕਿ ਯੂਨੀਵਰਸਿਟੀ ਨੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਦਿਆਂ ਫਲਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਕਾਸ਼ਤ ਲਈ ਸੁਝਾਈਆਂ ਹਨ। ਉਹਨਾਂ ਫਲ ਖੋਜੀਆਂ ਨੂੰ ਅਪੀਲ ਕੀਤੀ ਕਿ ਉਹ ਅੰਬਾਂ ਅਤੇ ਨਾਖਾਂ ਦੀਆਂ ਮੰਡੀ ਦੀ ਲੋੜ ਮੁਤਾਬਿਕ ਕਿਸਮਾਂ ਦੀ ਖੋਜ ਵੱਲ ਧਿਆਨ ਦੇਣ। ਡਾ. ਢੱਟ ਨੇ ਕਿਹਾ ਕਿ ਬਾਹਰਲੇ ਸੂਬਿਆਂ ਵਿਚ ਵਿਸ਼ੇਸ਼ ਤੌਰ ਤੇ ਪੱਥਰਨਾਖ ਦੀ ਮੰਗ ਹੈ। ਇਸਦੇ ਕਿਸਮ ਸੁਧਾਰ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਕੋਸ਼ਿਸ਼ਾਂ ਕੀਤੇ ਜਾਣ ਦੀ ਤਜਵੀਜ਼ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਅੰਬਾਂ ਦੀਆਂ ਦੇਸੀ ਕਿਸਮਾਂ ਤੋਂ ਇਲਾਵਾ ਉੱਨਤ ਕਿਸਮਾਂ ਜਿਵੇਂ ਅਲਫਾਜ਼ੋਂ, ਦੁਸਹਿਰੀ, ਲੰਗੜਾ ਅਤੇ ਚੂਪਣ ਵਾਲੇ ਅੰਬਾਂ ਦੀਆਂ ਕਿਸਮਾਂ ਜੀ ਐੱਨ-1, ਜੀ ਐੱਨ-2, ਜੀ ਐੱਨ-2, ਜੀ ਐੱਨ-4, ਜੀ ਐੱਨ-5, ਜੀ ਐੱਨ-6, ਜੀ ਐੱਨ-7, ਜੀ ਐੱਨ-12 ਅਤੇ ਜੀ ਐੱਨ-19 ਦੇ ਨਾਲ-ਨਾਲ ਅੰਬਾਂ ਤੋਂ ਬਣੇ ਪਦਾਰਥਾਂ ਜਿਵੇਂ ਖੱਟੀ ਮਿੱਠੀ ਚਟਣੀ, ਅੰਬਚੂਰ, ਅੰਬ ਪਾਪੜ, ਜੂਸ, ਮੁਰੱਬੇ ਅਤੇ ਸ਼ਰਬਤ ਦੀਆਂ ਸਟਾਲਾਂ ਲਾਈਆਂ ਗਈਆਂ ਹਨ। ਨਾਖਾਂ ਦੀਆਂ ਕਿਸਮਾਂ ਵਿਚ ਪੰਜਾਬ ਸੋਫਟ, ਪੱਥਰਨਾਖ, ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਕੀਫਰ ਆਦਿ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ ਐੱਸ ਰਤਨਪਾਲ ਨੇ ਗੋਸ਼ਟੀ ਵਿਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਅਤੇ ਵਿਦਵਾਨਾਂ ਦਾ ਸਵਾਗਤ ਕੀਤਾ। ਸਮਾਰੋਹ ਦਾ ਸੰਚਾਲਨ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਦੇ ਨਿਰਦੇਸ਼ਕ ਡਾ ਮਨਿੰਦਰ ਸਿੰਘ ਬੌਂਸ ਅਤੇ ਡਾ ਗਗਨਦੀਪ ਕੌਰ ਨੇ ਕੀਤਾ। ਹੁਸ਼ਿਆਰਪੁਰ ਦੇ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਸ ਜਸਵਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਡਾ ਮਨਿੰਦਰ ਸਿੰਘ ਬੌਂਸ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਦੇ ਨਾਲ-ਨਾਲ ਇਲਾਕੇ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਭਾਰੀ ਗਿਣਤੀ ਵਿਚ ਮੌਜੂਦ ਸਨ। ਇਸ ਗੋਸ਼ਟੀ ਦੌਰਾਨ ਵੱਖ ਵੱਖ ਵਰਗਾਂ ਵਿਚ ਜੇਤੂ ਰਹੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਇਨਾਮ ਪ੍ਰਦਾਨ ਕੀਤੇ ਗਏ।