
ਲੁਧਿਆਣਾ 23 ਜਨਵਰੀ , 2025 : ਪੀ.ਏ.ਯੂ.ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੀ ਸਹਾਇਤਾ ਨਾਲ ਵਢਾਈ ਉਪਰੰਤ ਫਸਲਾਂ ਦੀ ਇੰਜਨੀਅਰਿੰਗ ਅਤੇ ਤਕਨਾਲੋਜੀ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ, ਖੇਤੀ ਉੱਦਮ ਵਿਕਾਸ ਪ੍ਰੋਗਰਾਮ ਸਿਰਲੇਖ ਹੇਠ ਅਨੁਸੂਚਿਤ ਜਾਤੀਆਂ ਲਈ ਸਿਖਲਾਈ ਕੈਂਪ ਦਾ ਆਯੋਜਨ ਕੀਤਾ| ਇਸ ਕੈਂਪ ਵਿਚ ਸ਼ਾਮਿਲ ਹੋਏ 25 ਸਿਖਿਆਰਥੀਆਂ ਨੂੰ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਦਿੱਤੀ ਗਈ| ਖੋਜ ਪ੍ਰੋਜੈਕਟ ਦੇ ਇੰਚਾਰਜ ਅਤੇ ਭੋਜਨ ਵਿਗਿਆਨੀ ਡਾ. ਐੱਮ.ਐੱਸ. ਆਲਮ ਨੇ ਵਿਸ਼ੇ ਦੇ ਸੰਬੰਧ ਵਿਚ ਵਿਚਾਰ ਪੇਸ਼ ਕਰਦਿਆਂ ਛੋਟੇ ਪੱਧਰ ਤੇ ਪ੍ਰੋਸੈਸਿੰਗ ਦੀ ਮਹੱਤਤਾ ਉਤੇ ਜ਼ੋਰ ਦਿੱਤਾ| ਉਨ੍ਹਾਂ ਨੇ ਕਿਹਾ ਕਿ ਇਹ ਪ੍ਰਕਿਰਿਆ ਉੱਚ ਮਿਆਰ ਵਾਲੇ ਉਤਪਾਦ ਪੈਦਾ ਕਰਨ, ਵਢਾਈ ਉਪਰੰਤ ਹੋਣ ਵਾਲੇ ਨੁਕਸਾਨ ਨੂੰ ਘਟਾਉਣ, ਪਿੰਡਾਂ ਵਿੱਚ ਰੋਜਗਾਰ ਪੈਦਾ ਕਰਨ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲੀ ਹੈ| ਉਨ੍ਹਾਂ ਨੇ ਸਿਖਿਆਰਥੀਆਂ ਨੂੰ ਘਰੇਲੂ ਪੱਧਰ ’ਤੇ ਸ਼ਹਿਦ ਪ੍ਰੋਸੈਸਿੰਗ ਕਰਨ ਲਈ ਅਤੇ ਆਪਣੀ ਆਮਦਨ ਵਧਾਉਣ ਲਈ ਵਿਭਾਗੀ ਸਹੂਲਤਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ| ਕੀਟ ਵਿਗਿਆਨੀ ਡਾ. ਮਨਪ੍ਰੀਤ ਕੌਰ ਸੈਣੀ ਨੇ ਦਾਣਿਆਂ ਨੂੰ ਕੀੜਿਆਂ ਤੋਂ ਸੁਰੱਖਿਅਤ ਰੱਖਣ ਲਈ ਪ੍ਰਭਾਵਸਾਲੀ ਸਟੋਰੇਜ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ| ਡਾ. ਰੋਹਿਤ ਸਰਮਾ ਨੇ ਕਣਕ, ਚੌਲ, ਅਤੇ ਮਸਾਲਿਆਂ ਨੂੰ ਪ੍ਰੋਸੈੱਸ ਕਰਨ ਲਈ ਮਸੀਨਰੀ ਬਾਰੇ ਦੱਸਿਆ| ਡਾ. ਗਗਨਦੀਪ ਕੌਰ ਨੇ ਖੁੰਬਾਂ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ| ਉਨ੍ਹਾਂ ਨੇ ਛੋਟੇ ਕਿਸਾਨਾਂ ਲਈ ਖੁੰਬਾਂ ਨੂੰ ਸਹਾਇਕ ਪੇਸ਼ੇ ਵਜੋਂ ਅਪਣਾਉਣ ਦੀ ਸਿਫਾਰਿਸ ਕੀਤੀ| ਡਾ. ਮਨਿੰਦਰ ਕੌਰ ਨੇ ਗੁੜ ਉਤਪਾਦਨ ਯੂਨਿਟ ਸਥਾਪਿਤ ਕਰਨ ਦੀ ਜਾਣਕਾਰੀ ਦਿੱਤੀ| ਸਿਖਿਆਰਥੀਆਂ ਨੇ ਸ਼ੂਗਰ ਮਾਪਣ ਮੀਟਰ, ਤੇਲ ਕੱਢਣ ਵਾਲਾ ਯੰਤਰ, ਅਤੇ ਸਹਿਦ ਪ੍ਰੋਸੈਸਿੰਗ ਯੂਨਿਟ ਦੇ ਪ੍ਰਦਰਸ਼ਨ ਦੇਖੇ| ਸ੍ਰੀ ਕਮਲਜੀਤ ਸਿੰਘ ਅਤੇ ਸ੍ਰੀ ਰਵੀ ਕੁਮਾਰ ਨੇ ਸਿਖਿਆਰਥੀਆਂ ਨੂੰ ਮੁਫਤ ਪੀ.ਏ.ਯੂ. ਸਾਹਿਤ, ਚੌਲ ਦੇ ਪੈਕੇਟ, ਅਤੇ ਪ੍ਰੋਸੈਸਿੰਗ ਕਿੱਟਾਂ ਵੰਡੀਆਂ ਗਈਆਂ| ਹਰ ਹਿੱਸੇਦਾਰ ਨੂੰ ਚੰਗੀ ਖੇਤੀ ਦੀ ਸਾਲਾਨਾ ਮੈਂਬਰਸ਼ਿਪ ਵੀ ਪ੍ਰਦਾਨ ਕੀਤੀ ਗਈ| ਇਸ ਮੌਕੇ ਵਿਭਾਗ ਦੇ ਮੁਖੀ ਡਾ: ਤਰਸੇਮ ਚੰਦ ਮਿੱਤਲ, ਪ੍ਰਮੁੱਖ ਪਸਾਰ ਵਿਗਿਆਨੀ ਨੇ ਸਾਰੇ ਭਾਗੀਦਾਰਾਂ ਨੂੰ ਐਗਰੋ ਪ੍ਰੋਸੈਸਿੰਗ ਕੰਪਲੈਕਸਾਂ ਦੀ ਸਥਾਪਨਾ ਲਈ ਉਦਮਸੀਲਤਾ ਲਈ ਪ੍ਰੇਰਿਤ ਕੀਤਾ|