ਲੁਧਿਆਣਾ 3 ਅਗਸਤ : ਅੱਜ ਇੱਕ ਵਿਸ਼ੇਸ਼ ਆਨਲਾਈਨ ਮੀਟਿੰਗ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਕਜ਼ਾਕਿਸਤਾਨ ਦੀ ਸਾਕੇਨ ਸੇਫੁਲਿਨ ਯੂਨੀਵਰਸਿਟੀ ਦੇ ਨਿਰਦੇਸ਼ਕ ਕੁਮਾਰੀ ਸਲਤਨਤ ਮੇਇਰਾਮੋਵਾ ਨੇ ਦੋਵਾਂ ਸੰਸਥਾਵਾਂ ਵਿੱਚ ਸਾਂਝ ਦੇ ਖੇਤਰਾਂ ਨੂੰ ਪ੍ਰਫੁੱਲਿਤ ਕਰਨ ਲਈ ਗੱਲਬਾਤ ਕੀਤੀ | ਇਸ ਮੀਟਿੰਗ ਵਿੱਚ ਅਸਤਾਨਾ, ਕਜ਼ਾਕਿਸਤਾਨ ਦੀ ਭਾਰਤੀ ਅੰਬੈਸੀ ਦੇ ਸੁਆਮੀ ਵਿਵੇਕਾਨੰਦ ਕਲਚਰਲ ਸੈਂਟਰ ਦੇ ਨਿਰਦੇਸ਼ਕ ਸ਼੍ਰੀ ਸੰਜੇ ਵੇਦੀ ਵੀ ਸ਼ਾਮਿਲ ਹੋਏ | ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਸ਼ਾਮਿਲ ਸਨ, ਪੀ.ਏ.ਯੂ. ਦੀਆਂ ਖੋਜ, ਅਕਾਦਮਿਕ ਅਤੇ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਭਾਰਤ ਨੂੰ ਅਨਾਜ ਪੱਖੋਂ ਸਵੈ ਨਿਰਭਰ ਬਨਾਉਣ ਲਈ ਵਿਸ਼ੇਸ਼ ਤੌਰ ਤੇ ਦੇਸ਼ ਦੇ ਇਸ ਖੇਤਰ ਵਿੱਚ ਇਤਿਹਾਸਕ ਕਾਰਜ ਕੀਤਾ ਹੈ | ਉਹਨਾਂ ਕਿਹਾ ਕਿ ਖੇਤੀ ਖੋਜ, ਅਕਾਦਮਿਕ ਅਤੇ ਪਸਾਰ ਸੇਵਾਵਾਂ ਦੇ ਖੇਤਰ ਵਿੱਚ ਛੂਹੇ ਨਵੇਂ ਦਿਸਹੱਦਿਆਂ ਸਦਕਾ ਐੱਨ ਆਈ ਆਰ ਐੱਫ ਵੱਲੋਂ ਬੀਤੇ ਸਮੇਂ ਪੀ.ਏ.ਯੂ. ਨੇ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਹਾਸਲ ਹੋਈ | ਡਾ. ਗੋਸਲ ਨੇ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਕਿਸਾਨਾਂ ਤੱਕ ਵਿਗਿਆਨਕ ਅਤੇ ਅਗਾਂਹਵਧੂ ਖੇਤੀ ਤਕਨੀਕਾਂ ਪਹੁੰਚਾਉਣ ਦੇ ਨਾਲ-ਨਾਲ ਮਸ਼ੀਨਰੀ, ਬਾਗਬਾਨੀ, ਸਹਾਇਕ ਕਿੱਤਿਆਂ ਆਦਿ ਖੇਤਰਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਉਹਨਾਂ ਕਿਹਾ ਕਿ ਮੌਜੂਦਾ ਸਮੇਂ ਯੂਨੀਵਰਸਿਟੀ ਖੋਜ ਦਾ ਮੰਤਵ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਿਸਾਨੀ ਸਮਾਜ ਨੂੰ ਜਾਗਰੂਕ ਅਤੇ ਭਰਪੂਰ ਕਰਨਾ ਹੈ | ਇਸਲਈ ਯੂਨੀਵਰਸਿਟੀ ਵਾਤਾਵਰਨ ਪੱਖੀ ਖੇਤੀ ਦੇ ਨਾਲ-ਨਾਲ ਮੌਸਮ ਦੇ ਅਨੁਕੂਲ ਕਿਸਮਾਂ ਦੀ ਖੋਜ ਅਤੇ ਕਿਸਾਨਾਂ ਲਈ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਨਵੀਂ ਸੂਚਨਾ ਤਕਨੀਕ ਦੀ ਵਰਤੋਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ | ਇਸ ਤੋਂ ਇਲਾਵਾ ਫਸਲਾਂ ਨੂੰ ਉਤਪਾਦ ਬਨਾਉਣ ਲਈ ਪ੍ਰੋਸੈਸਿੰਗ, ਵਢਾਈ ਉਪਰੰਤ ਤਕਨੀਕਾਂ, ਮੁੱਲ ਵਾਧੇ ਦੇ ਨਾਲ-ਨਾਲ ਨਵੀਆਂ ਮੰਡੀਕਰਨ ਖੋਜਾਂ ਵੀ ਲਗਾਤਾਰ ਜਾਰੀ ਹਨ | ਡਾ. ਗੋਸਲ ਨੇ ਦੱਸਿਆ ਕਿ ਭਾਰਤ ਵਿੱਚ ਖੇਤੀ ਦੇ ਖੇਤਰ ਵਿੱਚ ਵਰਤੀ ਜਾਣ ਵਾਲੀ 60 ਪ੍ਰਤੀਸ਼ਤ ਤੋਂ ਵਧੇਰੇ ਖੇਤ ਮਸ਼ੀਨਰੀ ਪੀ.ਏ.ਯੂ. ਦੇ ਖੇਤੀ ਇੰਜਨੀਅਰ ਕਾਲਜ ਵੱਲੋਂ ਵਿਕਸਿਤ ਕੀਤੀ ਗਈ | ਇਸਦੇ ਨਾਲ ਹੀ ਪੀ.ਏ.ਯੂ. ਦੀਆਂ ਸਬਜ਼ੀਆਂ ਅਤੇ ਫਲਾਂ ਦੀਆਂ ਕਿਸਮਾਂ ਨੂੰ ਦੇਸ਼ ਦੇ ਵੱਖ-ਵੱਖ ਖਿੱਤਿਆਂ ਵਿੱਚ ਕਾਸ਼ਤ ਲਈ ਤਜਵੀਜ਼ ਕੀਤਾ ਗਿਆ ਹੈ | ਡਾ. ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਤੋਂ ਅਕਾਦਮਿਕ ਸਿੱਖਿਆ ਹਾਸਲ ਕਰਨ ਵਾਲੇ ਸਾਬਕਾ ਵਿਦਿਆਰਥੀਆਂ ਨੇ ਦੇਸ਼-ਵਿਦੇਸ਼ ਵਿੱਚ ਉੱਚ ਪਦਵੀਆਂ ਤੇ ਰਹਿ ਕੇ ਨਾਮਣਾ ਖੱਟਿਆ, ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਖੇਤ ਫਸਲਾਂ, ਫਲਾਂ, ਸਬਜ਼ੀਆਂ ਅਤੇ ਚਾਰਿਆਂ ਦੀਆ ਕਿਸਮਾਂ ਦੇ ਨਾਲ-ਨਾਲ ਉਤਪਾਨਦ ਤਕਨੀਕਾਂ ਦਾ ਜ਼ਿਕਰ ਕੀਤਾ | ਨਾਲ ਹੀ ਉਹਨਾਂ ਨੇ ਖੇਤੀ ਰਹਿੰਦ-ਖੂੰਹਦ ਦੀ ਸੰਭਾਲ ਕੀਟ ਪ੍ਰਬੰਧਨ, ਜੈਵ ਖਾਦਾਂ, ਖੇਤੀ ਜੰਗਲਾਤ, ਖੇਤ ਮਸ਼ੀਨਰੀ ਅਤੇ ਪ੍ਰੋਸੈਸਿੰਗ ਦੇ ਖੇਤਰ ਵਿੱਚ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਉਹਨਾਂ ਕਿਹਾ ਕਿ ਹੁਣ ਤੱਕ ਪੀ.ਏ.ਯੂ. ਨੇ 900 ਵਧੇਰੇ ਕਿਸਮਾਂ ਵਿਕਸਤ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪਛਾਣਿਆ ਗਿਆ ਹੈ, ਸਾਕੇਨ ਸੇਫੁਲਿਨ ਯੂਨੀਵਰਸਿਟੀ ਦੇ ਨਿਰਦੇਸ਼ਕ ਕੁਮਾਰੀ ਸਲਤਨਤ ਮੇਇਰਾਮੋਵਾ ਨੇ ਇਸ ਮੌਕੇ ਕਿਹਾ ਕਿ ਉਹਨਾਂ ਦੀ ਸੰਸਥਾ ਪੀ.ਏ.ਯੂ. ਵੱਲੋਂ ਇਤਿਹਾਸਕ ਤੌਰ ਤੇ ਕੀਤੇ ਅਹਿਮ ਕਾਰਜਾਂ ਤੋਂ ਜਾਣੂੰ ਹੈ ਅਤੇ ਮੌਜੂਦਾ ਸਮੇਂ ਖੇਤੀ ਨੂੰ ਵਿਕਸਿਤ ਦਿਸ਼ਾ ਵਿੱਚ ਤੋਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੀ ਹੈ | ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਬਹੁਤ ਉਤਸੁਕਤਾ ਨਾਲ ਪੀ.ਏ.ਯੂ. ਨਾਲ ਅਕਾਦਮਿਕ ਅਤੇ ਖੋਜ ਦੇ ਸਾਂਝੇ ਪੱਖਾਂ ਉੱਤੇ ਕਾਰਜ ਲਈ ਤਾਂਘ ਰੱਖਦੀ ਹੈ | ਕੁਮਾਰੀ ਸਲਤਨਤ ਨੇ ਕਿਹਾ ਕਿ ਮਾਹਿਰਾਂ ਅਤੇ ਖੋਜੀਆਂ ਦੇ ਅਨੁਭਵਾਂ ਦੇ ਤਬਾਦਲੇ ਦਾ ਲਾਹਾ ਦੋਵਾਂ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲੇਗਾ | ਉਹਨਾਂ ਨੇ ਆਉਂਦੇ ਸਮੇਂ ਵਿੱਚ ਭੋਜਨ ਸੁਰੱਖਿਆ ਬਾਰੇ ਇੱਕ ਕਾਨਫਰੰਸ ਵਿੱਚ ਪੀ.ਏ.ਯੂ. ਮਾਹਿਰਾਂ ਨੂੰ ਸੱਦਾ ਦਿੰਦਿਆਂ ਸਾਂਝ ਦੇ ਇਸ ਰਿਸ਼ਤੇ ਦੇ ਲੰਮੇਰੇ ਹੋਣ ਦੀ ਆਸ ਕੀਤੀ, ਡਾ. ਵਿਸ਼ਾਲ ਬੈਕਟਰ ਅਤੇ ਸ਼੍ਰੀ ਸੰਜੇ ਵੇਦੀ ਨੇ ਵੀ ਦੋਵਾਂ ਸੰਸਥਾਵਾਂ ਵੱਲੋਂ ਸਾਂਝ ਦੇ ਦੁਵੱਲੇ ਖੇਤਰਾਂ ਵਿੱਚ ਅੱਗੇ ਵਧਣ ਦੀ ਆਸ ਪ੍ਰਗਟਾਈ | ਉਹਨਾਂ ਕਿਹਾ ਕਿ ਇਸ ਨਾਲ ਖੇਤੀ ਖੇਤਰ ਵਿੱਚ ਗੁਣਾਤਮਕ ਬਦਲਾਅ ਦੇਖਣ ਨੂੰ ਮਿਲੇਗਾ |