ਲੁਧਿਆਣਾ 31 ਜੁਲਾਈ 2024 : ਪੀ.ਏ.ਯੂ. ਨੇ ਅੱਜ ਪਟਿਅਲਾ ਸਥਿਤ ਇਕ ਫਰਮ ਐਰੀਜ਼ੋਨਾ ਸੀਡਜ਼ ਪ੍ਰਾਈਵੇਟ ਲਿਮਿਟਡ ਨਾਲ ਖੀਰੇ ਦੀ ਹਾਈਬਿ੍ਰਡ ਕਿਸਮ ਪੀ ਕੇ ਐੱਚ-11 ਅਤੇ ਟਮਾਟਰਾਂ ਦੀ ਕਿਸਮ ਪੀ ਟੀ ਐੱਚ-2 ਦੇ ਪਸਾਰ ਲਈ ਸਮਝੌਤਾ ਕੀਤਾ। ਪੀ.ਏ.ਯੂ. ਦੀ ਤਰਫੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਜਨਾਬ ਮੁਹੰਮਦ ਅਨਵਰ ਨੇ ਸਮਝੌਤੇ ਦੀ ਸ਼ਰਤਾਂ ਉੱਪਰ ਸਹੀ ਪਾਈ। ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਤੋਂ ਇਲਾਵਾ ਜਨਾਬ ਅਰਸ਼ਦ ਨਦੀਮ ਵੀ ਇਸ ਮੌਕੇ ਮੌਜੂਦ ਸਨ। ਡਾ. ਅਜਮੇਰ ਸਿੰਘ ਢੱਟ ਨੇ ਡਾ. ਤਰਸੇਮ ਸਿੰਘ ਢਿੱਲੋਂ, ਡਾ. ਸਲੇਸ਼ ਕੁਮਾਰ ਜਿੰਦਲ ਅਤੇ ਡਾ. ਆਰ ਕੇ ਢੱਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੀ.ਏ.ਯੂ. ਵੱਲੋਂ ਤਿਆਰ ਕੀਤੇ ਹਾਈਬਿ੍ਰਡ ਸਬਜ਼ੀ ਕਾਸ਼ਤਕਾਰਾਂ ਲਈ ਬੇਹੱਦ ਉਪਯੋਗੀ ਸਾਬਿਤ ਹੋਣਗੇ। ਪੀ ਟੀ ਐੱਚ-2 ਬਾਰੇ ਗੱਲ ਕਰਦਿਆਂ ਡਾ. ਜਿੰਦਲ ਨੇ ਕਿਹਾ ਕਿ ਇਹ ਵਧੇਰੇ ਝਾੜ ਦੇਣ ਵਾਲੀ ਟਮਾਟਰ ਦੀ ਕਿਸਮ ਹੈ ਜੋ ਔਸਤਨ 270 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇ ਸਕਦੀ ਹੈ। ਜੜ੍ਹ ਗੰਢ ਨੀਮਾਟੋਡ ਅਤੇ ਲੇਟ ਬਲਾਈਟ ਦਾ ਸਾਹਮਣਾ ਕਰਨ ਦੇ ਸਮਰਥ ਇਸ ਕਿਸਮ ਦੇ ਫਲ ਗੋਲ, ਗੂੜੇ ਲਾਲ ਅਤੇ ਦਰਮਿਆਨੇ ਅਕਾਰ ਦੇ 70-80 ਗਰਾਮ ਤੱਕ ਹੋ ਸਕਦੇ ਹਨ। ਇਸ ਹਾਈਬਿ੍ਰਡ ਵਿਚ ਟੀ ਐੱਸ ਐੱਸ ਦੀ ਮਾਤਰਾ 4.2 ਪ੍ਰਤੀਸ਼ਤ ਅਤੇ ਲਾਈਕੋਪੀਨ ਤੱਤ 4.7 ਪ੍ਰਤੀਸ਼ਤ ਹੈ। ਇਹ ਕਿਸਮ ਪ੍ਰੋਸੈਸਿੰਗ ਦੇ ਕਾਰਜਾਂ ਲਈ ਢੁੱਕਵੀਂ ਹੈ। ਖੀਰੇ ਦੀ ਕਿਸਮ ਪੀ ਕੇ ਐੱਚ-11 ਬਾਰੇ ਗੱਲ ਕਰਦਿਆਂ ਡਾ. ਢੱਲ ਨੇ ਦੱਸਿਆ ਕਿ ਇਸ ਕਿਸਮ ਦੀ ਕਾਸ਼ਤ ਸੁਰੱਖਿਅਤ ਖੇਤੀ ਵਿਧੀ ਰਾਹੀਂ ਪੌਲੀਨੈੱਟ ਹਾਊਸ ਵਿਚ ਕੀਤੀ ਜਾ ਸਕਦੀ ਹੈ। ਹਰ ਵੇਲ ਉੱਤੇ ਇਸਦੇ 1-2 ਫਲ ਲੱਗਦੇ ਹਨ। ਇਸ ਕਿਸਮ ਦੇ ਫਲ ਬੀਜ ਰਹਿਤ, ਕੁੜੱਤਣ ਰਹਿਤ ਅਤੇ ਅਕਾਰ ਵਿਚ ਵੇਲਣਾਕਾਰ ਹੁੰਦੇ ਹਨ ਜਿਨ੍ਹਾਂ ਦਾ ਰੰਗ ਗੂੜਾ ਹਰਾ ਹੁੰਦਾ ਹੈ। ਫਲਾਂ ਦੀ ਲੰਬਾਈ 16-18 ਸੈਂਟੀਮੀਟਰ ਅਤੇ ਔਸਤਨ ਭਾਰ 150-160 ਗਰਾਮ ਹੋ ਸਕਦਾ ਹੈ।ਸਤੰਬਰ ਅਤੇ ਜਨਵਰੀ ਵਿਚ ਬੀਜੀ ਇਸ ਕਿਸਮ ਦੇ ਫਲ ਕ੍ਰਮਵਾਰ 45-60 ਦਿਨਾਂ ਵਿਚਕਾਰ ਇਸ ਕਿਸਮ ਦੇ ਪਹਿਲੇ ਫਲ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸਦਾ ਔਸਤ ਝਾੜ 320 ਕੁਇੰਟਲ ਪ੍ਰਤੀ ਏਕੜ ਸਤੰਬਰ ਵਿਚ ਅਤੇ 370 ਕੁਇੰਟਲ ਪ੍ਰਤੀ ਏਕੜ ਜਨਵਰੀ ਵਿਚ ਬਿਜਾਈ ਨਾਲ ਆ ਸਕਦਾ ਹੈ। ਇਸ ਮੌਕੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੋਵਾਂ ਧਿਰਾਂ ਨੂੰ ਵਧਾਈ ਦਿੱਤੀ।