- ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਭਗਵੰਤ ਮਾਨ ਸਰਕਾਰ : ਚੇਤਨ ਸਿੰਘ ਜੌੜਾਮਾਜਰਾ
- ਨਿਰਮਲ ਰਿਸ਼ੀ ਦੇ ਨਾਟਕ 'ਅੰਮੀ' ਨਾਲ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਥਇਏਟਰ ਉਤਸਵ ਦੀ ਸ਼ੁਰੂਆਤ
- 13 ਨੂੰ ਨਾਟਕ ਵਾਰਿਸ ਸ਼ਾਹ ਤੇ 14 ਨੂੰ ਜਸਪ੍ਰੀਤ ਸਿੰਘ ਦੀ ਸਟੈਂਡਅਪ ਕਮੇਡੀ ਹੋਵੇਗੀ : ਸਾਕਸ਼ੀ ਸਾਹਨੀ
ਪਟਿਆਲਾ, 12 ਫਰਵਰੀ : ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ ਅੱਜ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਤਿੰਨ ਦਿਨਾਂ ਥਇਏਟਰ ਫੈਸਟੀਵਲ ਦੀ ਸ਼ੁਰੂਆਤ ਪੰਜਾਬੀ ਰੰਗਮੰਚ ਤੇ ਸਿਨੇਮਾ ਦੇ ਪ੍ਰਸਿੱਧ ਕਲਾਕਾਰ ਨਿਰਮਲ ਰਿਸ਼ੀ ਦੇ ਨਾਟਕ 'ਅੰਮੀ' ਦੇ ਮੰਚਨ ਨਾਲ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਤਾਂ ਹੈ ਹੀ ਬਲਕਿ ਸੂਬੇ ਦੀ ਅਮੀਰ ਵਿਰਾਸਤ ਨੂੰ ਵੀ ਸੰਭਾਲਣ ਲਈ ਵੱਚਨਬੱਧ ਹੈ। ਜੌੜਾਮਾਜਰਾ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਚੰਗਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸਿੱਧ ਅਦਾਕਾਰ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਵੱਲੋਂ ਨਿਰਦੇਸ਼ਤ ਨਾਟਕ ਅੰਮੀ ਦੀ ਬੇਮਿਸਾਲ ਪੇਸ਼ਕਾਰੀ ਨੇ ਉਨ੍ਹਾਂ ਸਮੇਤ ਸਾਰੇ ਦਰਸ਼ਕਾਂ ਨੂੰ ਭਾਵੁਕ ਕੀਤਾ ਹੈ। ਮਾਂ ਦੀ ਤਾਕਤ ਨੂੰ ਦਰਸਾਉਂਦੇ ਨਾਟਕ ਅੰਮੀ ਨੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸਮੇਂ ਨੂੰ ਬੰਨ੍ਹ ਦਿੱਤਾ। ਇਸ ਨਾਟਕ 'ਚ ਮੌਜੂਦਾ ਸਮੇਂ ਕਦਰਾਂ ਕੀਮਤਾਂ ਦੇ ਖੋਰੇ, ਪੁਰਾਣੀ ਪੀੜ੍ਹੀ, ਖਾਸ ਕਰਕੇ ਬਜੁਰਗਾਂ ਨੂੰ ਸੰਭਾਲਣ ਤੋਂ ਇਨਕਾਰੀ ਨਵੀਂ ਪੀੜ੍ਹੀ ਵੱਲੋਂ ਮਾਂ ਨੂੰ ਧੋਖਾ ਦੇਣ ਤੇ ਖੰਘ ਦੀ ਦਵਾਈ ਲਈ ਡਾਕਟਰ ਕੋਲ ਲਿਜਾਣ ਬਹਾਨੇ ਬਿਰਧ ਆਸ਼ਰਮ ਲੈਕੇ ਜਾਣ ਦੀ ਕਹਾਣੀ ਬਿਆਨ ਕੀਤੀ ਗਈ ਹੈ। ਮਨਪਾਲ ਟਿਵਾਣਾ ਨੇ ਕਿਹਾ ਕਿ ਇਹ ਨਾਟਕ ਮਾਂ ਨੂੰ ਸ਼ਰਧਾਂਜਲੀ ਹੈ ਅਤੇ ਇਹ ਮਾਂ ਦੀ ਤਾਕਤ ਨੂੰ ਦਰਸਾਉਂਦਾ ਹੈ, ਕਿ ਜੇਕਰ ਮਾਂ ਆਪਣੇ ਬੱਚੇ ਨੂੰ ਪਾਲ ਸਕਦੀ ਹੈ ਤਾਂ ਮਾਂ ਕੁਝ ਵੀ ਕਰ ਸਕਦੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਮੌਕੇ 13 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਥਇਏਟਰ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦੇ ਵਿਉਂਤੇ ਤੇ ਨਾਟਕਕਾਰ-ਨਿਰਦੇਸ਼ਕ ਦਵਿੰਦਰ ਦਮਨ ਦੇ ਨਾਟਕ ਵਾਰਿਸ ਸ਼ਾਹ-ਸੁਖਨ ਦਾ ਵਾਰਸ ਦੀ ਅਹਿਮ ਪੇਸ਼ਕਾਰੀ ਹੋਵੇਗੀ ਅਤੇ 14 ਫਰਵਰੀ ਨੂੰ ਨੌਜਵਾਨ ਕਮੇਡੀਅਨ ਜਸਪ੍ਰੀਤ ਸਿੰਘ ਦੀ ਸਟੈਂਡਅੱਪ ਕਮੇਡੀ ਦੇਖਣਯੋਗ ਹੋਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਹੈਰੀਟੇਜ ਦੇ ਸਾਰੇ ਉਤਸਵ ਆਮ ਲੋਕਾਂ ਲਈ ਖੁੱਲ੍ਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਸਾਡੇ ਸ਼ਹਿਰ ਦੀ ਅਮੀਰ ਵਿਰਾਸਤ ਨੂੰ ਸੰਭਾਲਿਆ ਜਾਵੇ ਅਤੇ ਇਸ ਲਈ ਆਮ ਲੋਕਾਂ ਦੀ ਵੀ ਭਾਗੀਦਾਰੀ ਲਾਜਮੀ ਹੋਵੇ। ਇਸ ਨਾਟਕ 'ਚ ਨਿਰਮਲ ਰਿਸ਼ੀ ਦੇ ਨਾਲ-ਨਾਲ ਮਨਪਾਲ ਟਿਵਾਣਾ, ਨੀਤੂ ਚੋਪੜਾ, ਡਾ. ਮੋਨਾ ਗੁਰਕਿਰਨ ਗਰੇਵਾਲ, ਪ੍ਰੋ. ਸੁਖਪਾਲ, ਡਾ. ਉਦੇਪ੍ਰੀਤ ਸਿੱਧੂ, ਸੁਖਬੀਰ ਸਿੰਘ, ਸਬਰੀਨਾ ਸੰਧੂ, ਸ਼ਵਿੰਦਰ, ਸੁਰਭੀ ਮਲਹੋਤਰਾ, ਪਰਨੀਤ ਸਰਾਓ ਦੀ ਕਲਾਕਾਰੀ ਨੇ ਦਰਸ਼ਕਾਂ ਨੂੰ ਕੀਲ ਲਿਆ। ਜਦੋਂਕਿ ਇਸ ਨਾਟਕ ਦੇ ਤਕਨੀਕੀ ਨਿਰਦੇਸ਼ਕ ਵਿਕਾਸ ਜੁਨੇਜਾ, ਖੀਮ ਸਿੰਘ ਦੇ ਸਹਿਯੋਗ ਸਦਕਾ ਮੇਕ ਅੱਪ ਜੱਸੀ ਤੇ ਢੋਲੀ ਹਰਸ਼ ਤੇ ਪਰਦੇ ਪਿੱਛੇ ਅਵਾਜ ਡਾ. ਸਤਿੰਦਰ ਸਰਤਾਜ ਦੀ ਸੀ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਮੇਜਰ ਆਰ.ਪੀ.ਐਸ. ਮਲਹੋਤਰਾ, ਵੂਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਨ, ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਸਮੇਤ ਹੋਰ ਪਤਵੰਤੇ ਤੇ ਦਰਸ਼ਕ ਵੱਡੀ ਗਿਣਤੀ 'ਚ ਮੌਜੂਦ ਸਨ।