- ਪਿੰਡ ਕਿੱਕਰ ਵਾਲਾ ਰੂਪਾ ਵਿਖੇ 4 ਏਕੜ ਵਿਚ ਕਰਵਾਈ ਪਨੀਰੀ ਦੀ ਬਿਜਾਈ ਦੀ ਸ਼ੁਰੂਆਤ
ਫਾਜ਼ਿਲਕਾ, 19 ਜੁਲਾਈ : ਫਾਜ਼ਿਲਕਾ ਦੇ ਬਾਰਡਰ ਏਰੀਆ ਦੇ ਪਿੰਡਾਂ ਦੇ ਹੜ੍ਹ ਪੀੜਤ ਕਿਸਾਨਾਂ ਦੀ ਫਸਲ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ, ਕਿਸਾਨਾਂ ਲਈ ਪਨੀਰੀ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਕਿੱਕਰਵਾਲਾ ਰੂਪਾ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਪਨੀਰੀ ਦੀ ਬਿਜਾਈ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਿਛਲੇ ਦਿਨੀ ਸਰਹਦੀ ਪਿੰਡਾਂ ਵਿਖੇ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਕਰਕੇ ਕਿਸਾਨਾਂ ਦੀ ਬੀਜੀ ਗਈ ਫਸਲ ਦਾ ਨੁਕਸਾਨ ਹੋਇਆ ਜਿਸ ਦੀ ਭਰਪਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਮਾਰਫਤ ਵੱਖ—ਵੱਖ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਖੇਤਾਂ ਵਿਚ ਪਨੀਰੀ ਦੀ ਬਿਜਾਈ ਕਰਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਤਾਂ ਜ਼ੋ ਉਹ ਆਪਣੀ ਫਸਲ ਦੀ ਬਿਜਾਈ ਫਿਰ ਤੋਂ ਕਰ ਸਕਣ। ਇਸੇ ਕੜੀ ਤਹਿਤ ਪਿੰਡ ਕਿਕਰਵਾਲਾ ਰੁਪਾ ਵਿਖੇ ਕਿਸਾਨ ਪ੍ਰਮੋਦ ਸਿਆਗ ਵੱਲੋਂ ਆਪਣੇ 2.5 ਏਕੜ ਤੇ ਸੁਰਿਯਾ ਪ੍ਰਕਾਸ਼ ਸਿਆਗ ਵੱਲੋਂ 1.5 ਏਕੜ ਵਿਖੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਤੇ ਮੁੱਖ ਖੇਤੀਬਾੜੀ ਅਫਸਰ ਸ. ਗੁਰਮੀਤ ਸਿੰਘ ਚੀਮਾ ਦੀ ਅਗਵਾਈ ਵਿਚ ਪਨੀਰੀ ਦੀ ਬਿਜਾਈ ਕਰਵਾਈ ਗਈ ਜਿਸ ਤੋਂ ਬਾਅਦ ਉਹ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਪਨੀਰੀ ਮੁਹੱਈਆ ਕਰਵਾਉਣਗੇ ਤੇ ਕਿਸਾਨਾਂ ਦੀ ਫਸਲ ਦੇ ਬਚਾਅ ਵਿਚ ਆਪਣਾ ਯੋਗਦਾਨ ਕਰਨਗੇ। ਉਨ੍ਹਾਂ ਬੀਜ, ਖਾਦ, ਨਦੀਨਾਸ਼ਕ ਮੁਹੱਈਆ ਕਰਵਾਉਣ ਵਾਲੀਆਂ ਐਸੋਸੀਏਸ਼ਨਾਂ ਤੇ ਵੱਖ—ਵੱਖ ਕਿਸਾਨਾਂ ਦਾ ਧੰਨਵਾਦ ਕੀਤਾ ਹੈ ਕਿ ਜਿੰਨਾਂ ਨੇ ਇਸ ਔਖੀ ਘੜੀ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨ ਵੀਰਾਂ ਦੀ ਬਾਹ ਫੜਦਿਆਂ ਉਨ੍ਹਾਂ ਨੂੰ ਆਪਣਾ ਬਣਦਾ ਸਹਿਯੋਗ ਦਿੱਤਾ ਹੈ ਤੇ ਹੋਰਨਾ ਨੂੰ ਵੀ ਅਪੀਲ ਕੀਤੀ ਕਿ ਇਸੇ ਤਰ੍ਹਾਂ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜ਼ੋ ਇਸ ਮੁਸ਼ਕਲ ਸਮੇਂ ਉਨ੍ਹਾਂ ਦਾ ਸਹਾਰਾ ਬਣਿਆ ਜਾ ਸਕੇ। ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਬਲਦੇਵ ਸਿੰਘ, ਹੋਰ ਵਿਭਾਗੀ ਅਧਿਕਾਰੀ ਅਤੇ ਹੋਰ ਪਤਵੰਤੇ ਸਜਨ ਮੌਜੂਦ ਸਨ।