ਆਂਡਲੂ ਦੀ ਪੰਚਾਇਤ ਨੇ ਨਸ਼ਿਆਂ ਖਿਲਾਫ ਪਾਇਆ ਮਤਾ

  • ਨਸ਼ਾ ਵੇਚਣ ਵਾਲਿਆਂ ਦੇ ਹੱਕ ਵਿੱਚ ਨਹੀਂ ਜਾਵੇਗੀ ਪੰਚਾਇਤ : ਸਰਪੰਚ ਰਾਜਾ ਬਰਾੜ

ਰਾਏਕੋਟ, 29 ਨਵੰਬਰ (ਰਘਵੀਰ ਸਿੰਘ ਜੱਗਾ) : ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨੇੜਲੇ ਪਿੰਡ ਆਂਡਲੂ ਵਿਖੇ ਨਵੀਂ ਚੁਣੀ ਪੰਚਾਇਤ ਵੱਲੋਂ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਨਸ਼ਿਆਂ ਖਿਲਾਫ ਇੱਕ ਮਤਾ ਪਾਇਆ ਗਿਆ ਹੈ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਕਿਹਾ ਕਿ ਅੱਜ ਸਾਡੀ ਨੌਜਵਾਨੀ ਜੋ ਕੁਰਾਹੇ ਪੈ ਕੇ ਨਸ਼ਿਆਂ ਦੀ ਦਲ ਦਲ ਵਿੱਚ ਫਸ ਚੁੱਕੀ ਹੈ, ਉਸਨੂੰ ਇਸ ਵਿੱਚੋਂ ਕੱਢਣ ਲਈ ਹਰ ਇੱਕ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਆਂਡਲੂ ਦੇ ਲੋਕਾਂ ਦੇ ਸਹਿਯੋਗ ਨਾਲ ਇੱਕ ਮਤਾ ਪਾਇਆ ਗਿਆ ਹੈ, ਜਿਸ ਵਿੱਚ ਜੇਕਰ ਕੋਈ ਵੀ ਨਸ਼ਾ ਵੇਚਦਾ ਫੜ੍ਹਿਆ ਜਾਂਦਾ ਤਾਂ ਪੰਚਾਇਤ ਉਸ ਦੇ ਹੱਕ ਵਿੱਚ ਨਹੀਂ ਜਾਵੇਗੀ। ਜੇਕਰ ਕੋਈ ਨੌਜਵਾਨ ਨਸ਼ੇ ਕਰਨ ਦਾ ਆਦੀ ਹੈ ਉਸਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ, ਪਿੰਡ ਵਿੱਚ ਬਣੀਆਂ ਦੁਕਾਨਾਂ ਦੇ ਮਾਲਕਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ 18 ਸਾਲ ਤੋਂ ਘੱਟ ਉੇਮਰ ਦੇ ਬੱਚਿਆਂ ਨੂੰ ਤੰਬਾਕੂ, ਸਿਗਰੇਟ ਆਦਿ ਨਹੀਂ ਵੇਚਣਗੇ। ਇਸ ਤੋਂ ਇਲਾਵਾ ਸਕੂਲ ਅਤੇ ਪਿੰਡ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਜਾਣਗੇ। ਇਸ ਮੌਕੇ ਪੰਚ ਕਸ਼ਮੀਰੀ ਲਾਲ, ਪੰਚ ਜਸਵੰਤ ਸਿੰਘ, ਪੰਚ ਹਰਵੀਰ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਕੁਮਾਰ, ਚੌਂਕੀਦਾਰ ਸ਼ਾਦੀ ਖਾਂ, ਜੁਗਰਾਜ ਸਿੰਘ ਤੂਰ, ਮਲਕੀਤ ਸਿੰਘ ਫੌਜੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।