- ਪਿਛਲੇ ਤਿੰਨ ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਕਰ ਰਹੇ ਹਨ 50 ਏਕੜ ਦੀ ਖੇਤੀ
- ਰਸਾਇਣਾਂ ਦਾ ਖਰਚਾ ਘਟਿਆ, ਫ਼ਸਲ ਦਾ ਝਾੜ ਵਧਿਆ
ਬਰਨਾਲਾ, 10 ਅਕਤੂਬਰ : ਜ਼ਿਲ੍ਹਾ ਬਰਨਾਲਾ ਦੇ ਕੋਠੇ ਕੁਰੜ ਵਾਲੇ (ਪਿੰਡ ਸੰਘੇੜਾ) ਦੇ ਵਾਸੀ ਦੋ ਭਰਾਵਾਂ ਦੀ ਜੋੜੀ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣੀ ਹੈ। ਕਿਸਾਨ ਹਰਭਜਨ ਸਿੰਘ ਅਤੇ ਮਲਕੀਤ ਸਿੰਘ ਪੁੱਤਰ ਸ. ਗੁਰਮੇਲ ਸਿੰਘ ਵਾਸੀ ਕੋਠੇ ਕੁਰੜ ਵਾਲੇ (ਪਿੰਡ ਸੰਘੇੜਾ) ਕਰੀਬ 50 ਏਕੜ ਵਿੱਚ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿਛਲੇ 3 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ। ਉਨ੍ਹਾਂ ਨੇ ਪਿਛਲੇ ਸਾਲ ਕੁਝ ਰਕਬੇ ਵਿੱਚ ਮਾਲਚਿੰਗ ਕੀਤੀ ਸੀ ਅਤੇ ਕੁਝ ਰਕਬੇ ਵਿੱਚ ਪਰਾਲੀ ਦੀਆਂ ਗੰਢਾਂ ਬਣਾਈਆਂ ਸਨ। ਇਸ ਵਾਰ ਵੀ ਕਰੀਬ 24 ਏਕੜ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਬੇਲਰ ਉਪਲੱਬਧ ਹਨ ਅਤੇ ਉਨ੍ਹਾਂ ਨੂੰ ਗੰਢਾਂ ਬਣਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ ਤੇ ਖੇਤ ਵੀ ਛੇਤੀ ਖਾਲੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਤੋਂ ਫ਼ਸਲ ਦਾ ਝਾੜ ਵੀ ਵਧਿਆ ਹੈ ਅਤੇ ਯੂਰੀਆ ਖਾਧ ਦੀ ਖਪਤ ਵੀ ਘਟੀ ਹੈ। ਉਨ੍ਹਾਂ ਦੱਸਿਆ ਕਿ ਉਹ ਫ਼ਸਲੀ ਵਿਭਿੰਨਤਾ ਲਈ ਆਲੂਆਂ ਦੀ ਕਾਸ਼ਤ ਵੀ ਕਰਦੇ ਹਨ ਅਤੇ ਸਹਾਇਕ ਧੰਦੇ ਵਜੋਂ ਡੇਅਰੀ ਫਾਰਮਿੰਗ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਕਰੀਬ 100 ਪਸ਼ੂ ਰੱਖੇ ਹੋਏ ਹਨ ਅਤੇ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਵਿੱਚ ਰਲਾ ਕੇ ਵਰਤਦੇ ਹਨ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਇਕੱਲਾ ਆਪਣੇ ਖੇਤਾਂ ਦਾ ਨੁਕਸਾਨ ਹੀ ਨਹੀਂ ਕਰਦੇ ਸਗੋਂ ਇਸ ਨਾਲ ਸਮੁੱਚਾ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਦੇ ਰਾਖੇ ਬਣਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਸਾੜਨ ਦੇ ਕੇਸ ਘਟਾਏ ਜਾ ਸਕਣ।ਇਸ ਮੌਕੇ ਬੇਅੰਤ ਸਿੰਘ ਤਕਨੀਸ਼ੀਅਨ ਗਰੇਡ 1 ਨੇ ਕਿਸਾਨ ਹਰਭਜਨ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਪਰਾਲੀ ਪ੍ਰਬੰਧਨ ਦੀ ਸ਼ਲਾਘਾ ਕੀਤੀ।
ਹੋਰ ਕਿਸਾਨ ਵੀ ਪਰਾਲੀ ਪ੍ਰਬੰਧਨ ਕਰਨ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸੰਘੇੜਾ ਵਾਸੀ ਕਿਸਾਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਜ਼ਿਲ੍ਹੇ ਦੇ ਹੋਰ ਕਿਸਾਨ ਵੀ ਇਨ੍ਹਾਂ ਕਿਸਾਨਾਂ ਵਾਂਗ ਪਰਾਲੀ ਪ੍ਰਬੰਧਨ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਉਪਰਾਲੇ ਤਹਿਤ ਜਿੱਥੇ ਮਸ਼ੀਨਰੀ ਸਬਸਿਡੀ 'ਤੇ ਦਿੱਤੀ ਜਾਂਦੀ ਹੈ, ਓਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਇਸ ਮਸ਼ੀਨਰੀ ਦੀ ਵੱਧ ਤੋਂ ਵੱਧ ਸੁਚੱਜੀ ਵਰਤੋਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।