- ਲੋਕਾਂ ਦੇ ਇਲਾਜ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਸਰਗਰਮ = ਸਿਵਲ ਸਰਜਨ ਡਾ: ਗੋਇਲ
- ਪਿੰਡ-ਪਿੰਡ ਜਾ ਕੇ ਲੋਕਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ
ਫਾਜ਼ਿਲਕਾ, 3 ਅਗਸਤ : ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਲੋਕਾਂ ਦੀ ਸਿਹਤ ਸੰਭਾਲ ਲਈ ਦਿਨ ਰਾਤ ਇੱਕ ਕਰ ਰਹੀਆਂ ਹਨ। ਜਿਸ ਕਾਰਨ 100 ਤੋਂ ਵੱਧ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ 4000 ਦੇ ਕਰੀਬ ਲੋਕਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ ਹਨ। ਅੱਜ ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪਾਣੀ ਘੱਟਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਟੀਮਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ | ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਲੋਕਾਂ ਦੇ ਇਲਾਜ ਲਈ ਰੋਜ਼ਾਨਾ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਪਿੰਡ ਮੋਹੜ ਜਮਸ਼ੇਰ, ਤੇਜਾ ਰੁਹਿਲਾ, ਦੋਨਾ ਨਾਨਕਾ, ਢਾਣੀ ਸਦਾ ਸਿੰਘ, ਮਹਾਤਮ ਨਗਰ ਅਤੇ ਹਸਤਾ ਕਲਾ ਵਿਖੇ ਬਕਾਇਦਾ ਟੀਮਾਂ ਪਿੰਡਾਂ ਵਿੱਚ ਬੈਠ ਕੇ ਦਵਾਇਆ ਦਿੱਤੀਆ ਜਾ ਰਹੀਆ ਹਨ। ਇਸ ਤੋਂ ਇਲਾਵਾ ਇਕ ਮੋਬਾਈਲ ਟੀਮ ਵੱਖ-ਵੱਖ ਪਿੰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਦਾ ਇਲਾਜ ਕਰ ਰਹੀ ਹੈ। ਜਿਸ ਵਿੱਚ ਮੈਡੀਕਲ ਅਫਸਰ, ਸੀਐਚਓ ਅਤੇ ਮੇਲ ਵਰਕਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਮੌਸਮੀ ਅਤੇ ਹੜ੍ਹਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਡੇਂਗੂ, ਚਿਕਨਗੁਨੀਆ, ਮਲੇਰੀਆ, ਦਸਤ, ਉਲਟੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।ਪਿੰਡਾਂ ਵਿੱਚ ਮਰੀਜ਼ ਆ ਰਹੇ ਹਨ ਜਿਨ੍ਹਾਂ ਲਈ ਵਿਭਾਗ ਵੱਲੋਂ ਆਈ ਡਰਾਪ ਅਤੇ ਸਕਿਨ ਕ੍ਰੀਮ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਵੀ ਸਾਵਧਾਨੀ ਵਰਤਣ ਅਤੇ ਬਿਮਾਰੀ ਦੇ ਲੱਛਣ ਨਜ਼ਰ ਆਉਣ 'ਤੇ ਡਾਕਟਰੀ ਟੀਮ ਤੋਂ ਆਪਣਾ ਚੈੱਕਅਪ ਕਰਵਾਉਣ | ਅੱਜ ਡਾ: ਗੋਇਲ ਨੇ ਮੋਹਰ ਜਮਸ਼ੇਰ ਦਾ ਦੌਰਾ ਕੀਤਾ ਜਿਸ ਵਿਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਰੋਹਿਤ ਗੋਇਲ ਉਨ੍ਹਾਂ ਦੇ ਨਾਲ ਸਨ | ਇਸ ਦੌਰਾਨ ਉਨ੍ਹਾਂ ਲੋਕਾਂ ਅਤੇ ਆਸ਼ਾ ਵਰਕਰਾਂ ਨਾਲ ਗੱਲਬਾਤ ਕਰਕੇ ਪਿੰਡ ਵਿੱਚ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਉਨ੍ਹਾਂ ਦਾ ਚੈੱਕਅਪ ਸਮੇਂ ਸਿਰ ਕਰਵਾਉਣਾ ਯਕੀਨੀ ਬਣਾਉਣ।