- ਵਨ ਸਟਾਪ ਸਖੀ ਸੈਂਟਰ ਵੱਲੋਂ ਜੂਨ, ਜੁਲਾਈ ਅਤੇ ਅਗਸਤ 2023 ਮਹੀਨਿਆਂ ਦੌਰਾਨ ਕੁੱਲ 74 ਮਾਮਲਿਆਂ ਦੀ ਪੈਰਵੀ ਜਾਰੀ
ਫਾਜ਼ਿਲਕਾ, 25 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜਿਲਕਾ ਸ਼੍ਰੀ ਮਤੀ ਨਵਦੀਪ ਕੌਰ ਦੀ ਅਗਵਾਈ ਵਿਚ ਚੱਲ ਰਿਹਾ ਸਖੀ ਵਨ ਸਟਾਪ ਸੈਂਟਰ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਵੱਡੀ ਪੱਧਰ ਤੇ ਜਾਗਰੂਕ ਕਰ ਰਿਹਾ ਹੈ। ਇਸ ਤੋਂ ਇਲਾਵਾ ਹਿੰਸਾ ਦਾ ਸ਼ਿਕਾਰ ਔਰਤਾਂ ਦੇ ਮਾਮਲੇ ਵੀ ਹਲ ਕਰਨ ਵਿਚ ਕਾਰਗਰ ਸਾਬਿਤ ਹੋਇਆ ਹੈ। ਸਖੀ ਸੈਂਟਰ ਦੀ ਸੈਂਟਰ ਇੰਚਾਰਜ ਗੌਰੀ ਸਚਦੇਵਾ ਨੇ ਦੱਸਿਆ ਕਿ ਜੂਨ, ਜੁਲਾਈ ਅਤੇ ਅਗਸਤ 2023 ਮਹੀਨਿਆਂ ਦੌਰਾਨ ਕੁੱਲ 74 ਮਾਮਲੇ ਧਿਆਨ ਵਿਚ ਆਉਣ ਉਪਰੰਤ ਕਾਰਵਾਈ ਅਧੀਨ ਹਨ ਜਿਸ ਵਿਚੋਂ ਘਰੇਲੂ ਹਿੰਸਾ ਨਾਲ ਸਬੰਧਤ 35 ਅਤੇ 39 ਹੋਰ ਮਾਮਲੇ ਹਨ। ਉਨ੍ਹਾਂ ਕਿਹਾ ਕਿ ਸੈਂਟਰ ਵੱਲੋਂ ਔਰਤਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ। ਸਖੀ ਸੈਂਟਰ ਵੱਲੋਂ ਔਰਤਾਂ ਨੂੰ ਮੁਸ਼ਕਿਲ ਸਮੇਂ ਵਿੱਚ ਜ਼ਰੂਰਤ ਮੁਤਾਬਕ ਸਹੂਲਤਾਂ ਪ੍ਰਦਾਨ ਕਰਨ ਲਈ ਵੱਖ-ਵੱਖ ਮਹਿਕਮਿਆਂ ਨਾਲ ਤਾਲਮੇਲ ਕੀਤਾ ਜਾਂਦਾ ਹੈ। ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਲਈ ਸਖੀ ਸੈਂਟਰ ਦੀ ਸੈਂਟਰ ਇੰਚਾਰਜ ਵੱਲੋਂ ਪੁਲਿਸ ਵਿਭਾਗ ਨਾਲ ਤਾਲਮੇਲ ਬਣਾਇਆ ਜਾਂਦਾ ਹੈ ਅਤੇ ਵੂਮੈਨ ਸੈੱਲ ਦੀ ਇੰਚਾਰਜ ਮੈਡਮ ਵੀਰਾਂ ਅਤੇ ਵੂਮੈਨ ਹੈਲਪ ਡੈਸਕ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾਂਦਾ ਹੈ। ਜਿਸ ਵਿੱਚ ਔਰਤਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆ ਜਾ ਰਿਹਾ ਹੈ।