ਫਾਜ਼ਿਲਕਾ 11 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾ *ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲਗਾਤਾਰ ਪਿੰਡਾਂ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ—ਖੂਹੰਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕ ਕਰ ਰਹੇ ਹਨ। ਖੇਤੀਬਾੜੀ ਵਿਭਾਗ ਦੇ ਮਾਹਰਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਸ. ਗੁਰਮੀਤ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਏ.ਡੀ.ਓ. ਲਗਾਤਾਰ ਪਿੰਡਾਂ ਵਿਚ ਪਹੁੰਚ ਰਹੇ ਹਨ ਤੇ ਹਰੇਕ ਪਿੰਡ ਨੁੰ ਕਵਰ ਕਰ ਰਹੇ ਹਨ ਤਾਂ ਜ਼ੋ ਕਿ ਪਰਾਲੀ ਸਾੜਨ ਦੀ ਪ੍ਰਥਾ ਨੂੰ ਜੀਰੋ *ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਾਹਰਾਂ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਪਰਾਲੀ ਦਾ ਜਮੀਨ ਵਿਚ ਹੀ ਨਿਬੇੜਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ। ਇਸ ਦੇ ਨਾਲ—ਨਾਲ ਕਈ ਵਾਰ ਧੂੰਏ ਦੇ ਫੈਲਾਅ ਕਾਰਨ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਤੋਂ ਬਚਣ ਲਈ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਸਗੋਂ ਜਮੀਨ ਵਿਚ ਵਹਾ ਕੇ ਅਗਲੀ ਫਸਲ ਦੀ ਬਿਜਾਈ ਕਰਨੀ ਚਾਹੀਦੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਜ਼ੋੜਕੀ ਕੰਕਰ ਵਾਲੀ, ਰੁਹੇੜਿਆਂ ਵਾਲੀ, ਕੁਲਾਰ, ਇਸਲਾਮ ਵਾਲਾ, ਮੁੰਬੇਕੇ, ਖਿਓ ਵਾਲੀ ਢਾਬ, ਲਖੇਵਾਲੀ, ਚਾਨ ਖੇੜਾ ਆਦਿ ਹੋਰ ਵੱਖ—ਵੱਖ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਗਏ ਤੇ ਕਿਸਾਨਾਂ ਨੂੰ ਇਸ ਦੇ ਨੁਕਸਾਨਾਂ ਅਤੇ ਇਸ ਨੂੰ ਵਰਤੋਂ ਵਿਚ ਲਿਆਉਣ ਦੇ ਤਰੀਕਿਆਂ ਬਾਰੇ ਜਾਣੂੰ ਕਰਵਾਇਆ ਗਿਆ।