ਪੀਏਯੂ ਦੇ ਐਨਐਸਐਸ ਰੈੱਡ ਰਿਬਨ ਕਲੱਬ ਨੇ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ ਕੀਤਾ

ਲੁਧਿਆਣਾ 31 ਜਨਵਰੀ, 2025 : ਪੀ ਏ ਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਵਿੱਚ ਐਨ ਐਸ ਐਸ ਦੇ ਰੈੱਡ ਰਿਬਨ ਕਲੱਬ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਲਗਭਗ 400 ਐੱਨ ਐੱਸ ਐੱਸ ਵਲੰਟੀਅਰਾਂ ਦੀ ਇਸ ਰੈਲੀ ਨੂੰ ਜਾਗਰੂਕਤਾ ਦੇ ਮੰਤਵ ਨਾਲ ਰਵਾਨਾ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ.ਸੂਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ੇ ਸਿਰਫ਼ ਵਿਅਕਤੀ ਨੂੰ ਹੀ ਨਹੀਂ, ਸਗੋਂ ਪਰਿਵਾਰਾਂ ਅਤੇ ਸਮਾਜ ਨੂੰ ਵੀ ਬਰਬਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਖ਼ਤਰੇ ਵਿਰੁੱਧ ਇਕਜੁੱਟ ਹੋ ਕੇ ਖੜ੍ਹੇ ਹੋਈਏ। ਡਾ. ਹਰਮੀਤ ਸਿੰਘ ਸਰਲਾਚ ਨੇ ਵਲੰਟੀਅਰਾਂ ਨੂੰ ਪ੍ਰੇਰਿਤ ਕਰਦੇ ਹੋਏ ਨਸ਼ਾ ਮੁਕਤ ਭਵਿੱਖ ਬਣਾਉਣ ਲਈ ਉਨ੍ਹਾਂ ਦੀ ਜਾਗਰੂਕਤਾ ਅਤੇ ਵਚਨਬੱਧਤਾ ਨੂੰ ਮਹੱਤਵਪੂਰਨ ਆਖਿਆ। ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ. ਦਿਲਪ੍ਰੀਤ ਸਿੰਘ, ਡਾ. ਦਿਵਿਆ ਉਤਰੇਜਾ, ਡਾ. ਕਮਲਪ੍ਰੀਤ ਕੌਰ ਬਰਾੜ ਅਤੇ ਡਾ. ਰਾਜ ਕੁਮਾਰ ਪਾਲ ਨੇ ਵਿਦਿਆਰਥੀਆਂ ਨੂੰ ਜਾਗਰੂਕਤਾ ਫੈਲਾਉਣ ਲਈ ਆਪਣੇ ਯਤਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।