- ਨਗਰ ਕੌਂਸਲ ਵੱਲੋਂ ਦੁਬਾਰਾ ਲਗਾਏ ਗਏ ਸੜਕਾਂ ਦੀ ਰਿਪੇਅਰ ਦੇ ਟੈਂਡਰ-ਐਮ.ਐਲ.ਏ ਫਰੀਦਕੋਟ
- ਸ਼ਹਿਰ ਦੇ ਵਿਕਾਸ ਲਈ 1.78 ਕਰੋੜ ਰੁਪਏ ਦੇ ਟੈਂਡਰ ਲਗਾਏ ਗਏ
ਫਰੀਦਕੋਟ 3 ਜੁਲਾਈ : ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਵਿੱਚ ਆਈ ਖੜੋਤ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਕੀਤੇ ਯਤਨਾਂ ਸਦਕਾ ਨਗਰ ਕੌਂਸਲ ਫਰੀਦਕੋਟ ਵੱਲੋਂ ਵਿਕਾਸ ਕੰਮਾਂ ਦੇ ਟੈਂਡਰ ਦੁਬਾਰਾ ਲਗਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਫੇਜ ਵਿੱਚ ਸ਼ਹਿਰ ਦੇ ਵਿਕਾਸ ਲਈ 1 ਕਰੋੜ 78 ਲੱਖ 68 ਹਜ਼ਾਰ ਲੱਖ ਰੁਪਏ ਦੇ ਟੈਂਡਰ ਲਗਾਏ ਗਏ ਹਨ। ਜਿਸ ਵਿੱਚ ਪੁਰਾਣੀ ਕੈਂਟ ਰੋਡ ਤੋਂ ਜਰਮਨ ਕਲੋਨੀ ਦੀ ਰਿਪੇਅਰ ਲਈ 92.21 ਲੱਖ ਰੁਪਏ, ਸਾਰੇ ਸ਼ਹਿਰ ਵਿੱਚ ਸੀਵਰੇਜ ਦੇ ਡੱਕਣ ਉੱਚੇ ਚੁੱਕਣ ਅਤੇ ਨਵੇਂ ਲਗਾਉਣ ਲਈ 23 ਲੱਖ ਰੁਪਏ, ਹੁੱਕੀ ਚੌਂਕ ਤੋਂ ਗਰਗ ਪੇਂਟਰ (ਪੁਰਾਣੀ ਜੇਲ੍ਹ ਰੋਡ) ਤੇ ਇੰਟਰਲਾਕ ਟਾਈਲਾਂ ਲਗਾਉਣ ਲਈ 31.51 ਲੱਖ, ਬਲਬੀਰ ਬਸਤੀ ਵਿੱਚ ਦੋਨੋ ਸਾਈਡ ਡਰੇਨਾਂ ਬਣਾਉਣ ਤੇ 18.20 ਲੱਖ ਅਤੇ ਸਾਰੇ ਸ਼ਹਿਰ ਵਿੱਚ ਪੈਚ ਵਰਕ ਦੀ ਰਿਪੇਅਰ ਲਈ 13.76 ਲੱਖ ਰੁਪਏ ਦੇ ਟੈਂਡਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਪੈਂਦੀ ਬਲਬੀਰ ਬਸਤੀ ਦੀ ਮੇਨ ਸੜਕ ਉੱਪਰ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੜਕ ਦੀ ਉਸਾਰੀ ਦਾ ਮਤਾ ਨਗਰ ਕੌਂਸਲ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਹੈ। ਇਸ ਸੜਕ ਦੀ ਉਸਾਰੀ ਉੱਪਰ 89.66 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ, ਜਿਸਦਾ ਐਸਟੀਮੇਟ ਨਗਰ ਕੌਂਸਲ ਵੱਲੋਂ ਪ੍ਰਵਾਨਗੀ ਲਈ ਭੇਜਿਆ ਜਾ ਚੁੱਕਾ ਹੈ। ਜਲਦੀ ਹੀ ਇਸ ਸੜਕ ਦਾ ਉਸਾਰੀ ਦੇ ਟੈਂਡਰ ਵੀ ਨਗਰ ਕੌਂਸਲ ਵੱਲੋਂ ਲਗਾ ਦਿੱਤੇ ਜਾਣਗੇ।