- ਡੇਂਗੂ ਫੈਲਣ ਤੋਂ ਰੋਕਣਾ ਸਾਡੀ ਸਭਨਾਂ ਦੀ ਸਾਂਝੀ ਜਿੰਮੇਵਾਰੀ-ਡਿਪਟੀ ਕਮਿਸ਼ਨਰ
- ਡੇਂਗੂ ਚਿਕਨਗੁਨੀਆਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਸਬੰਧਤ ਵਿਭਾਗਾਂ ਨਾਲ ਮੀਟਿੰਗ
- ਡੇਂਗੂ ਦੀ ਜਾਣਕਾਰੀ ਦਰਸਾਉਂਦੀ ਕਿਤਾਬ ਵੀ ਕੀਤੀ ਰਿਲੀਜ਼
ਮੋਗਾ, 02 ਅਗਸਤ : ਡੇਗੂ ਫੈਲਣ ਤੋਂ ਰੋਕਣਾ ਸਾਡੀ ਸਭਨਾਂ ਦੀ ਸਾਂਝੀ ਜਿੰਮੇਵਾਰੀ ਹੈ ਅਤੇ ਇਸਦੇ ਖਾਤਮੇ ਲਈ ਹਰ ਨਾਗਰਿਕ ਦੇ ਜਾਗਰੂਕ ਹੋਣ ਦੀ ਲੋੜ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਡੇਂਗੂ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੇ ਭਿਆਨਕ ਰੋਗ ਤੋਂ ਰੋਕਥਾਮ ਲਈ ਵੱਖ ਵੱਖ ਵਿਭਾਗਾਂ ਦੀ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਂਬਾ, ਕਮਿਸ਼ਨਰ ਨਗਰ ਨਿਗਮ ਮੋਗਾ ਮਿਸ ਪੂਨਮ ਸਿੰਘ, ਸਿਵਲ ਸਰਜਨ ਮੋਗਾ ਡਾ. ਰਜੇਸ਼ ਅੱਤਰੀ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨਾਲ ਸਿਹਤ ਵਿਭਾਗ ਤੋਂ ਇਲਾਵਾ ਹੋਰ ਵੀ ਵੱਖ ਵੱਖ ਵਿਭਾਗਾਂ ਦੇ ਨੁਮਾਇੰਦ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾੲੰਦੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵੱਖ ਵੱਖ ਵਿਭਾਗਾਂ ਨੂੰ ਡੇਂਗੂ ਅਤੇ ਚਿਕਨਗੁਨੀਆਂ ਨੂੰ ਫੈਲਣ ਤੋਂ ਰੋਕਣ ਲਈ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਅਤੇ ਹਰ ਸ਼ੁੱਕਰਵਾਰ ਡ੍ਰਾਈ ਡੇ ਨੂੰ ਜੰਗੀ ਪੱਧਰ 'ਤੇ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਡੇਂਗੂ ਅਤੇ ਚਿਕਨਗੁਨੀਆਂ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਦੀ ਰੂਪ ਰੇਖਾ ਉਲੀਕਣ ਲਈ ਬੁਲਾਈ ਗਈ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਗਰ ਨਿਗਮ ਦੇ ਸਹਿਯੋਗ ਨਾਲ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਲਈ ਢੁਕਵੇਂ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਨੂੰ ਯਕੀਨੀ ਬਣਾਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਿਸੇ ਨਿਜੀ ਵਿਅਕਤੀ, ਸੰਸਥਾ ਜਾਂ ਸਰਕਾਰੀ ਅਦਾਰੇ ਅੰਦਰ ਡੇਂਗੂ ਦਾ ਲਾਰਵਾ ਪਾਏ ਜਾਣ ਤੇ ਉਸਨੂੰ ਤੁਰੰਤ ਨਸ਼ਟ ਕਰਵਾਇਆ ਜਾਵੇ। ਟਾਇਰਾਂ, ਫਰਿੱਜਾਂ, ਕੂਲਰਾਂ, ਪੰਛੀਆਂ ਵਾਸਤੇ ਰੱਖੇ ਗਏ ਪਾਣੀ ਵਾਲੇ ਬਰਤਨਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ, ਨਗਰ ਨਿਗਮ, ਨਗਰ ਸੁਧਾਰ ਟਰੱਸਟ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਡੇਂਗੂ ਰੋਕੂ ਮੁਹਿੰਮ ਨੂੰ ਸਫ਼ਲ ਬਣਾਇਆ ਜਾਵੇਗਾ। ਉਨ੍ਹਾਂ ਇਨ੍ਹਾਂ ਵਿਭਾਗਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਡੇਂਗੂ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਅਗਾਊਂ ਸ਼ਡਿਊਲ ਵੀ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਡੇਂਗੂ ਅਤੇ ਚਿਕਰਗੁਨੀਆਂ ਬਾਰੇ ਵਿਸਥਾਰ ਸਹਿਤ ਮਹੱਤਵਪੂਰਨ ਜਾਣਕਾਰੀ ਨੂੰ ਦਰਸਾਉਂਦੀ ਇੱਕ ਕਿਤਾਬ ਵੀ ਰਿਲੀਜ ਕੀਤੀ ਜਿਹੜੀ ਕਿ ਵੱਖ ਵੱਖ ਵਿਭਾਗਾਂ ਅਤੇ ਆਮ ਲੋਕਾਂ ਤੱਕ ਜਾਗਰੂਕਤਾ ਹਿੱਤ ਪਹੁੰਚਾਈ ਜਾਵੇਗੀ। ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਪੈਦਾ ਕਰਨ ਵਾਲਾ ਲਾਰਵਾ ਬਹੁਤ ਹੀ ਖਤਰਨਾਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਏਡੀਜ਼ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਮਨੁੱਖ ਨੂੰ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਡੇਂਗੂ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾਤਰ ਪਾਣੀ ਨੂੰ ਖੜ੍ਹਾ ਨਾ ਹੋਣ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਸ਼ਰੀਰ ਨੂੰ ਪੂਰੇ ਕੱਪੜੇ ਪਾ ਕੇ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਘਰਾਂ 'ਚ ਚੈਕਿੰਗ ਕਰਕੇ ਡੇਗੂ ਦਾ ਲਾਰਵਾ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਜਾਗਰੂਕਤਾ ਰੈਲੀਆਂ ਰਾਹੀ ਲੋਕਾਂ ਨੂੰ ਡੇਗੂ ਅਤੇ ਚਿਕਨਗੁਨੀਆਂ ਆਦਿ ਬਿਮਾਰੀਆਂ ਤੋ ਬਚਣ ਲਈ ਸਾਵਧਾਨ ਵੀ ਕੀਤਾ ਜਾ ਰਿਹਾ ਹੈ।