- ਪਿੰਡ ਪੱਤੋਂ ਵਿਚ ਤੀਆਂ ਦਾ ਤਿਉਹਾਰ ਮਨਾਇਆ
ਬੱਸੀ ਪਠਾਣਾਂ, 07 ਅਗਸਤ : ਮੁੱਖ ਮੰਤਰੀ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਤੇ ਇਸ ਬਾਬਤ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਹਿਤ ਵੀ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਪਿੰਡ ਪੱਤੋਂ ਵਿਖੇ ਤੀਆਂ ਦੇ ਤਿਉਹਾਰ ਸਬੰਧੀ ਕਰਵਾਏ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਕੀਤਾ। ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀਆਂ ਦੇ ਅਮੀਰ ਵਿਰਸੇ ਨਾਲ ਜੁੜਿਆ ਹੋਇਆ ਤਿਉਹਾਰ ਹੈ ਅਤੇ ਪੰਜਾਬੀ ਮੁਟਿਆਰਾਂ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਕੰਮ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਤੀਆਂ ਦਾ ਜ਼ਿਕਰ ਪੰਜਾਬੀ ਗੀਤਾਂ ਵਿੱਚ ਵੀ ਬਾਖੂਬੀ ਹੁੰਦਾ ਰਿਹਾ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਈਏ ਕਿਉਂਕਿ ਆਪਣੇ ਸੱਭਿਆਚਾਰ ਤੋਂ ਵਿਛੜ ਕੇ ਕੋਈ ਤਰੱਕੀ ਨਹੀਂ ਕਰ ਸਕਦਾ। ਪੰਜਾਬੀ ਜਿਥੇ ਆਪਣੀ ਬਹਾਦਰੀ ਕਾਰਨ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਹਨ ਉਥੇ ਹੀ ਪੰਜਾਬੀ ਗਿੱਧੇ ਤੇ ਭੰਗੜੇ ਦੀ ਗੂੰਜ ਵੀ ਦੁਨੀਆਂ ਭਰ ਵਿੱਚ ਸੁਣੀ ਜਾਂਦੀ ਹੈ। ਤੀਆਂ ਦਾ ਤਿਓਹਾਰ ਖਾਸ ਤੌਰ ’ਤੇ ਸਾਡੇ ਦਿਹਾਤੀ ਖੇਤਰ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੂਬਾ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਉਥੇ ਦੇ ਲੋਕ ਆਪਣੇ ਵਿਰਸੇ ਨਾਲ ਜੜ੍ਹੋ ਜੁੜੇ ਹੋਣ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਹੱਸਦਾ, ਵੱਸਦਾ ਤੇ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਲੜਕੀਆਂ, ਔਰਤਾਂ, ਪਿੰਡ ਵਾਸੀ ਤੇ ਪਤਵੰਤੇ ਮੌਜੂਦ ਸਨ। ਇਸ ਮੌਕੇ ਹਲਕਾ ਵਿਧਾਇਕ ਦਾ ਉਚੇਚੇ ਤੌਰ ਉੱਤੇ ਸਨਮਾਨ ਵੀ ਕੀਤਾ ਗਿਆ।