ਮੁੱਲਾਪੁਰ ਦਾਖਾ 18 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 10 ਫਰਵਰੀ ਤੋਂ ਰੋਜ਼ਾਨਾ ਲਗਾਤਾਰ ਚੱਲ ਰਹੇ ਲੰਗਰਾਂ ਅਤੇ ਸ਼ੰਭੂ ਬਾਰਡਰ ਤੇ ਮੁੱਢ ਤੋਂ ਮੌਜੂਦ ਪੱਕੇ ਯੋਧਿਆਂ ਬਾਰੇ ਅਤੇ ਹਫਤਾਵਾਰੀ ਰਵਾਨਾ ਹੋ ਰਹੇ ਲੜੀਵਾਰ ਕਾਫਲਿਆਂ ਬਾਰੇ, ਮੌਜੂਦਾ ਚੋਣ ਮੁਹਿੰਮ ਦੌਰਾਨ ਸਾਂਝੇ ਫੋਰਮ ਦੇ ਸਟੈਂਡ ਅਤੇ ਅਮਲਦਾਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਗੰਭੀਰ , ਭਰਵੀਆਂ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਖਜਾਨਚੀ ਅਮਰੀਕ ਸਿੰਘ ਤਲਵੰਡੀ, ਡਾ. ਗੁਰਮੇਲ ਸਿੰਘ ਕੁਲਾਰ, ਜਗਦੇਵ ਸਿੰਘ ਗੁੜੇ, ਗੁਰਮੇਲ ਸਿੰਘ ਢੱਟ ਨੇ ਜੱਥੇਬੰਦੀ ਦੀ ਕਾਰਗੁਜ਼ਾਰੀ ਦੇ ਸੁਧਾਰ ਅਤੇ ਤਰੱਕੀ ਦੇ ਠੋਸ ਸੁਝਾਅ ਤੇ ਨਿੱਗਰ ਵਿਚਾਰ ਪੇਸ਼ ਕੀਤੇ ।ਜਿਸ ਉਪਰੰਤ ਤਿੰਨ ਵਿਸ਼ੇਸ਼ ਮਤੇ ਸਰਵ ਸੰਮਤੀ ਨਾਲ ਪਾਸ ਕੀਤੇ। ਪਹਿਲੇ ਮਤੇ ਰਾਹੀਂ ਵਰਨਣ ਕੀਤਾ ਗਿਆ ਕਿ ਸਵਾ ਦੋ ਮਹੀਨੇ ਤੋਂ ਦਿੱਲੀ ਮੋਰਚਾ -2 ਦੇ ਸ਼ੰਭੂ ਬਾਰਡਰ ਨੂੰ ਰੋਜਾਨਾ ਟਰੈਕਟਰਾਂ- ਟਰਾਲੀਆਂ ਤੇ ਹੋਰ ਗੱਡੀਆਂ ਰਾਹੀਂ ਜਾ ਰਹੇ ਜੁਝਾਰੂ ਕਾਫਲਿਆਂ ਤੇ ਹੋਰ ਮੁਸਾਫਿਰਾਂ ਲਈ ਚੌਂਕੀਮਾਨ ਟੋਲ ਪਲਾਜਾ 'ਤੇ ਚੱਲ ਰਹੇ ਲਗਾਤਾਰ ਲੰਗਰਾਂ ਲਈ ਰਾਸ਼ਨ ,ਦੁੱਧ -ਪਾਣੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਸਮੂਹ ਪਿੰਡ ਇਕਾਈਆਂ ਅਤੇ ਨਗਰਾਂ ਦੀਆਂ ਤਮਾਮ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਦੂਜੇ ਮਤੇ ਰਾਹੀਂ ਸ਼ੰਭੂ ਬਾਰਡਰ ਤੇ ਮੁੱਢ ਤੋਂ ਮੌਜੂਦ ਪੱਕੇ ਯੋਧਿਆਂ ਦਾ ਵੱਡੇ ਤਿਆਗ ਬਦਲੇ ਭਾਰੀ ਧੰਨਵਾਦ ਕੀਤਾ ਗਿਆ ਹੈ ।ਇਸ ਤੋਂ ਇਲਾਵਾ ਵੱਖ- ਵੱਖ ਪਿੰਡ ਯੂਨਿਟਾਂ ਵੱਲੋਂ ਵਾਰੀ- ਵਾਰੀ ਹਫਤਾਵਾਰੀ ਸ਼ੰਭੂ ਬਾਰਡਰ ਨੂੰ ਭੇਜੇ ਜਾ ਰਹੇ ਕਾਫਲਿਆਂ 'ਤੇ ਵੀ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਅਗਲਾ ਜੱਥਾ 22 ਅਪ੍ਰੈਲ ਦਿਨ ਸੋਮਵਾਰ ਨੂੰ ਠੀਕ 9 ਵਜੇ ਰਵਾਨਗੀ ਕਰੇਗਾ। ਤੀਜੇ ਮਦੇ ਰਾਹੀਂ ਐਲਾਨ ਕੀਤਾ ਗਿਆ ਕਿ ਦਿੱਲੀ ਮੋਰਚਾ -2 ਦੀਆਂ 200 ਕਿਸਾਨ ਜੱਥੇਬੰਦੀਆਂ ਵੱਲੋਂ ਸਾਂਝੇ ਮੋਰਚੇ ਫੋਰਮ ਦੇ ਸੱਦੇ ਦੀ ਰੋਸ਼ਨੀ ਵਿੱਚ ਜੁਝਾਰੂ ਕਿਸਾਨਾਂ ਨੂੰ ਅੱਜ ਤੱਕ ਦਿੱਲੀ ਨਾ ਜਾਣ ਦੇਣ ਵਾਲੀ, ਸ਼ਹੀਦ ਸ਼ੁਭਕਰਨ ਸਮੇਤ 15 ਕਿਸਾਨਾਂ ਨੂੰ ਸ਼ਹੀਦ ਕਰਨ, 500 ਤੋਂ ਉੱਪਰ ਕਿਸਾਨਾਂ ਤੇ ਨੌਜਵਾਨਾਂ ਨੂੰ ਫੱਟੜ ਕਰਨ ਅਤੇ ਹਜ਼ਾਰਾਂ ਅੱਥਰੂ ਗੈਸ- ਗੋਲੇ, ਧਮਾਕੇ ਵਾਲੇ ਗੋਲੇ, ਰਬੜ ਦੀਆਂ ਗੋਲੀਆਂ ਤੇ ਸਿੱਧੀਆਂ ਪੱਕੀਆਂ ਗੋਲੀਆਂ ਮਾਰਨ ਵਾਲੀ ਜਾਲਮ ਤੇ ਕਾਤਲ ਭਾਜਪਾ ਪਾਰਟੀ ਦਾ ਪਿੰਡਾਂ ਸ਼ਹਿਰਾਂ 'ਚ ਸਮੂਹ ਭਰਾਤਰੀ ਕਿਸਾਨ- ਮਜ਼ਦੂਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਵਾਲ- ਜਵਾਬ ਪੁੱਛਦਿਆਂ ,ਜਚਵਾਂ ਤੇ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਕਿਸਾਨ- ਮਜ਼ਦੂਰ ਵਿਰੋਧੀ ਅਤੇ ਦੇਸੀ/ ਵਿਦੇਸ਼ੀ ਕਾਰਪੋਰੇਟਾਂ ਪੱਖੀ ਸਿਆਸੀ ਪਾਰਟੀਆਂ ਨਾਲ ਵੀ ਢੁਕਵੇਂ ਸਵਾਲ- ਜਵਾਬ ਕੀਤੇ ਜਾਣਗੇ। ਇਸ ਤੋਂ ਇਲਾਵਾ ਅੱਜ ਦੀ ਮੀਟਿੰਗ 'ਚ ਸਰਵਿੰਦਰ ਸਿੰਘ ਸੁਧਾਰ , ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ, ਵਿਜੇ ਕੁਮਾਰ ਪੰਡੋਰੀ, ਗੁਰਚਰਨ ਸਿੰਘ ਤਲਵੰਡੀ, ਅਮਰਜੀਤ ਸਿੰਘ ਖੰਜਰਵਾਲ, ਗੁਰਸੇਵਕ ਸਿੰਘ ਸੋਨੀ ਸਵੱਦੀ, ਸੋਹਣ ਸਿੰਘ ਸਵੱਦੀ, ਬੂਟਾ ਸਿੰਘ ਬਰਸਾਲ ਆਦਿ ਹਾਜਰ ਸਨ।