ਪੀ.ਏ.ਯੂ ਦੇ ਪ੍ਰਤਿਭਾਵਾਨ ਵਿਦਿਆਰਥੀਆਂ ਲਈ ਬਣੇਗਾ ਨਵਾਂ ਮੈਰੀਟੋਰੀਅਸ ਹੋਸਟਲ

ਲੁਧਿਆਣਾ 22 ਅਪ੍ਰੈਲ, 2025 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਖੇ ਪ੍ਰਤਿਭਾਵਾਨ ਵਿਦਿਆਰਥੀਆਂ ਲਈ ਬਨਣ ਵਾਲੇ ਨਵੇਂ ’ਮੈਰੀਟੋਰੀਅਸ ਹੋਸਟਲ’ ਦੀ ਉਸਾਰੀ ਲਈ ਅੱਜ ਜ਼ਮੀਨੀ ਟੱਕ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਸਹਾਇਕ ਨਿਰਦੇਸ਼ਕ ਜਨਰਲ ਡਾ. ਸ਼੍ਰੀਮਤੀ ਬਮਲੇਸ਼ ਮਾਨ ਵੱਲੋਂ ਸਾਂਝੇ ਤੋਰ ਤੇ ਲਗਾਇਆ ਗਿਆ| ਇਸ ਮੋਕੇ ਡਾ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਦੂਰ ਦੁਰੇਡੇ ਤੋਂ ਪੜ੍ਹਨ ਆਉਂਦੇ ਵਿਦਿਆਰਥੀਆਂ ਲਈ ਹੋਸਟਲ ਦੀਆਂ ਸੁਵਿਧਾਵਾਂ ਨੂੰ ਹੋਰ ਨਿਖਾਰਣ ਦੇ ਯਤਨ ਕੀਤੇ ਜਾ ਰਹੇ ਹਨ| ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਖੁਸ਼ ਗਵਾਰ ਮਹੌਲ ਪ੍ਰਦਾਨ ਕਰਕੇ ਉਸਾਰੂ ਪਾਸੇ ਲਗਾਉਣ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਖੇਡਾਂ, ਸਾਹਿਤ, ਸਭਿਆਚਾਰ ਨਾਲ ਜੋੜਨ ਲਈ ਵੱਖ-ਵੱਖ ਪਲੇਟਫਾਰਮ ਕਾਇਮ ਕੀਤੇ ਗਏ ਹਨ| ਡਾ. ਬਮਲੇਸ਼ ਮਾਨ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇਸ਼ ਦੀਆਂ ਬੇਹਤਰੀਨ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜਿੱਥੇ ਪੜ੍ਹਨਾਂ ਵਿਦਿਆਰਥੀਆਂ ਦਾ ਸੁਪਨਾ ਹੈ| ਡਾ ਮਾਨ ਨੇ ਦਸਿਆ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਲਈ ਦੇਸ਼ ਦੀਆਂ ਰਾਜ ਖੇਤੀ ਯੂਨੀਵਰਸਿਟੀਆਂ ਦੇ ਵਿਦਿਅਕ, ਖੇਡਾਂ ਅਤੇ ਸਭਿਆਚਾਰ ਮਿਆਰ ਨੂੰ ਉੱਚਾ ਰੱਖਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ| ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦਸਿਆ ਕਿ ਨਵੇਂ ਬਣ ਰਹੇ ’ਮੈਰੀਟੋਰੀਅਸ ਹੋਸਟਲ’ ਵਿੱਚ ਪੜਾਈ ਖੇਡਾਂ, ਸਾਹਿਤ, ਸਭਿਆਚਾਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਹਿਤ ਦੇ ਅਧਾਰ ਤੇ ਕਮਰੇ ਦਿੱਤੇ ਜਾਣਗੇ| ਡਾ. ਨਿਰਮਲ ਜੌੜਾ ਨੇ ਦਸਿਆ ਕਿ ਇਹ ਹੋਸਟਲ ਤਿੰਨ ਮੰਜ਼ਲਾ ਹੋਵੇਗਾ ਜਿਸ ਵਿੱਚ ਲਗਭਗ ਪਝੰਤਰ ਵਿਦਿਆਰਥੀਆਂ ਦੀ ਰਿਹਾਇਸ਼ ਹੋਵੇਗੀ| ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਿਸ਼ੀ ਪਾਲ ਸਿੰਘ (ਆਈ.ਏ.ਐੱਸ.) ਨੇ ਭਾਰਤੀ ਖੇਤੀ ਖੋਜ ਪਰਿਸ਼ਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਹੋਸਟਲ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ| ਇਸ ਮੌਕੇ ਵਾਇਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਡਾ. ਬਮਲੇਸ਼ ਮਾਨ ਦਾ ਸਨਮਾਨ ਕਿਤਾ ਗਿਆ| ਜੁਆਇੰਟ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ|