ਅੱਖਾਂ ਦਾਨ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ: ਐਸ.ਐਮ.ਓ. ਡਾ. ਗਾਂਧੀ

  • ਸੀਐਚਸੀ ਖੂਈਖੇੜਾ ਅਧੀਨ ਪੈਂਦੇ ਪਿੰਡਾਂ ਵਿੱਚ ਲੋਕਾਂ ਵੱਲੋਂ ਅੱਖਾਂ ਦਾਨ ਕਰਨ ਲਈ ਆਨਲਾਈਨ ਫਾਰਮ ਭਰੇ ਗਏ

ਫਾਜ਼ਿਲਕਾ 5 ਸਤੰਬਰ : ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ ਦੀ ਯੋਗ ਅਗਵਾਈ ਹੇਠ 38ਵੇਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਦੇ ਤਹਿਤ ਅੱਜ ਬਲਾਕ ਖੂਈਖੇੜਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਵਿਕਾਸ ਗਾਂਧੀ ਦੀ ਦੇਖ-ਰੇਖ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਇਸ ਅੱਖਾਂ ਦਾਨ ਪੰਦਰਵਾੜੇ ਮੌਕੇ ਡਾ: ਗਾਂਧੀ ਨੇ ਕਿਹਾ ਕਿ ਅੱਖਾਂ ਮਰਨ ਤੋਂ ਬਾਅਦ ਦਾਨ ਕੀਤੀਆਂ ਜਾ ਸਕਦੀਆਂ ਹਨ ਅਤੇ ਮੌਤ ਤੋਂ 4 ਤੋਂ 6 ਘੰਟੇ ਦੇ ਅੰਦਰ-ਅੰਦਰ ਦਾਨ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਵਿਅਕਤੀ ਨੇ ਅੱਖਾਂ ਦੀ ਜਾਂਚ ਕਰਵਾਈ ਹੋਵੇ ਜਾਂ ਅੱਖਾਂ ਦੀ ਸਰਜਰੀ ਕਰਵਾਈ ਹੋਵੇ ਜਾਂ ਲੈਂਜ਼ ਫਿੱਟ ਕੀਤੇ ਹੋਣ ਕਿਉਂਕਿ ਇੱਕ ਵਿਅਕਤੀ ਦੀਆਂ ਅੱਖਾਂ ਦਾਨ ਕਰਨ ਨਾਲ ਦੋ ਵਿਅਕਤੀਆਂ ਦੀ ਜ਼ਿੰਦਗੀ ਰੌਸ਼ਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਦੀਆਂ ਅੱਖਾਂ ਦਾਨ ਕਰਨੀਆਂ ਹੋਣ ਤਾਂ ਜਦੋਂ ਤੱਕ ਆਈ ਬੈਂਕ ਦੀ ਟੀਮ ਨਾ ਪਹੁੰਚ ਜਾਵੇ, ਉਸ ਕਮਰੇ ਵਿੱਚ ਜਿੱਥੇ ਮ੍ਰਿਤਕ ਦੇਹ ਰੱਖੀ ਗਈ ਹੋਵੇ, ਪੱਖਾ ਨਾ ਚਲਾਇਆ ਜਾਵੇ ਅਤੇ ਅੱਖਾਂ ਦੇ ਉੱਪਰ ਗਿੱਲਾ ਅਤੇ ਸਾਫ਼ ਕੱਪੜਾ ਪਾ ਦਿੱਤਾ ਜਾਵੇ ਤਾਂ ਜੋ ਅੱਖਾਂ ਦੀ ਸੁਰੱਖਿਆ ਹੋ ਸਕੇ। ਡਾ: ਵਿਕਾਸ ਗਾਂਧੀ ਨੇ ਅੱਖਾਂ ਦਾਨ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਅਤੇ ਭਰਮ-ਭੁਲੇਖਿਆਂ ਤੋਂ ਮੁਕਤ ਹੋਣਾ ਚਾਹੀਦਾ ਹੈ | ਟੀਮ ਵੱਲੋਂ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 15 ਤੋਂ 20 ਮਿੰਟਾਂ ਵਿੱਚ ਪੂਰੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਨਕਲੀ ਅੱਖਾਂ ਵੀ ਲਗਾਈਆਂ ਜਾਂਦੀਆਂ ਹਨ ਤਾਂ ਜੋ ਸਸਕਾਰ ਦੌਰਾਨ ਦੇਖਣ ਵਾਲਿਆਂ ਨੂੰ ਬੁਰਾ ਨਾ ਲੱਗੇ। ਜੇਕਰ ਕੋਈ ਏਡਜ਼, ਪੀਲੀਆ, ਬਲੱਡ ਕੈਂਸਰ ਜਾਂ ਮੈਨਿਨਜਾਈਟਿਸ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੈ ਤਾਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਬੀਈਈ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 8 ਸਤੰਬਰ ਤੱਕ 38ਵਾਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨੇ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ। ਇਸ ਦੌਰਾਨ ਲੋਕਾਂ ਨੇ ਅੱਖਾਂ ਦਾਨ ਕਰਨ ਲਈ ਆਨਲਾਈਨ ਸੰਕਲਪ ਫਾਰਮ ਵੀ ਭਰੇ ਗਏ। ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਕਰਨ ਲਈ  https://nhm.punjab.gov.in/Eye_Donation/ ਤੇ ਆਨਲਾਈਨ ਰਜਿਸਟ੍ਰੇਸ਼ਨ ਉਪਲਬਧ ਹੈ।