- ਸ਼ਾਸ਼ਨ, ਵਲੰਟੀਅਰਾਂ, ਇਲਾਕਾ ਨਿਵਾਸੀਆਂ ਤੇ ਆਪਸੀ ਮਤਭੇਦ ਭੁਲਾਕੇ ਸਾਰੀਆਂ ਪਾਰਟੀਆਂ ਦੇ ਵਰਕਰਾਂ ਤੇ ਸਮਾਜ ਸੇਵੀਆਂ ਨੇ ਰਾਹਤ ਕਾਰਜਾਂ ਦੇ ਕੀਤੇ ਸਾਂਝੇ ਉਪਰਾਲੇ
ਸਮਾਣਾ, 14 ਜੁਲਾਈ : ਹੜ੍ਹਾਂ ਦੀ ਕੁਦਰਤੀ ਆਫ਼ਤ ਨੇ ਸਮਾਣਾ ਦੇ 50 ਦੇ ਕਰੀਬ ਪਿੰਡਾਂ ਨੂੰ ਘੇਰਾ ਪਾਇਆ, ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਂਝੇ ਉਪਰਾਲਿਆਂ ਸਦਕਾ ਜਿੱਥੇ 50 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਉਥੇ ਹੀ10000 ਤੋਂ ਵੱਧ ਲੋਕਾਂ ਨੂੰ ਭੋਜਨ ਅਤੇ ਸੁੱਕੇ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ। ਘੱਗਰ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਬਾਰਸ਼ ਦੀਆਂ ਰਿਪੋਰਟਾਂ ਪ੍ਰਾਪਤ ਹੁੰਦਿਆਂ ਹੀਹੜ੍ਹ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਵਾਲੇ ਪਿੰਡਾਂ ਨੂੰ ਸ਼ੁਰੂਆਤੀ ਚੇਤਾਵਨੀ ਜਾਰੀ ਕੀਤੀ ਗਈ ਸੀ। ਪਰ, ਇਸ ਖੇਤਰ ਵਿੱਚ ਪਾਣੀ ਦਾ ਬੇਮਿਸਾਲ ਪ੍ਰਵਾਹ ਦੇਖਿਆ ਗਿਆ, ਜੋ ਕਿ,1993 ਦੇ ਹੜ੍ਹਾਂ ਵਿੱਚ ਆਏ ਪਾਣੀ ਦੇ ਪੱਧਰ ਤੋਂ ਵੀ ਵੱਧ ਦਰਜ ਕੀਤਾ ਗਿਆ। ਸਿੱਟੇ ਵਜੋਂ ਰਾਹਤ ਤੇ ਬਚਾਅ ਟੀਮਾਂ ਨੂੰ ਵੀ ਆਪਣੀ ਸਮਰੱਥਾ ਤੋਂ ਵਧੇਰੇ ਕੰਮ ਕਰਨਾ ਪਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਸਮਾਣਾ ਚਰਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਤੇ ਲੋਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਜੋ ਕਿ ਹਲਕੇ ਦੇ ਵਿਧਾਇਕ ਵੀ ਹਨ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਉਨ੍ਹਾਂ ਨੇ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ। ਇਸ ਬਾਰੇ ਦਸਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਸਮਾਣਾ, ਮਾਲ ਅਧਿਕਾਰੀਆਂ, ਪੇਂਡੂ ਵਿਕਾਸ ਅਧਿਕਾਰੀਆਂ, ਫੂਡ ਸਪਲਾਈ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਇੱਕ ਬਹਾਦਰੀ ਭਰਿਆ ਸਾਂਝਾ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਨਾਲ-ਨਾਲ, ਸਾਰੀਆਂ ਪਾਰਟੀਆਂ ਦੇ ਵਾਲੰਟੀਅਰਾਂ, ਇਲਾਕਾ ਅਤੇ ਪਾਰਟੀ ਵਰਕਰਾਂ, ਅਤੇ ਧਾਰਮਿਕ ਸਮੂਹਾਂ ਨੇ ਆਪਣੇ ਮਤਭੇਦਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮੋਢੇ ਨਾਲ ਮੋਢਾ ਜੋੜ ਕੇ ਇੱਕ ਮਿਸਾਲੀ ਕੰਮ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਨੂੰ ਪਾਰ ਕਰਨ ਦੀ ਸੂਚਨਾ ਮਿਲਦਿਆਂ ਹੀ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਹੋ ਗਏ। ਪ੍ਰਸ਼ਾਸਨ ਅਤੇ ਵਲੰਟੀਅਰ ਜੋ ਅਣਥੱਕ ਮਿਹਨਤ ਕਰ ਰਹੇ ਸਨ, ਨੂੰ ਆਰਮੀ ਅਤੇ ਐਨਡੀਆਰਐਫ ਟੀਮ ਦੇ ਆਉਣ ਨਾਲ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਪਿੰਡ ਸਪਾਰਹੇੜੀ ਦੇ ਇੱਕ ਬਜ਼ੁਰਗ, ਜਿਸ ਨੂੰ ਕਿ ਦਿਲ ਦਾ ਦੌਰਾ ਪਿਆ, ਨੂੰ ਥੋੜ੍ਹੇ ਸਮੇਂ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਉਸਦੀ ਜਾਨ ਬਚਾਈ ਗਈ। ਇਸੇ ਤਰ੍ਹਾਂ ਪਿੰਡ ਧਰਮਹੇੜੀ, ਸੱਸਾ ਗੁੱਜਰਾਂ, ਸੱਸੀ ਬ੍ਰਾਹਮਣਾ, ਭਗਵਾਨਪੁਰਾ, ਹਸਨਪੁਰ ਮਾਂਗਟਾਂ ਤੋਂ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਬਚਾਇਆ ਗਿਆ। ਐਸ.ਡੀ.ਐਮ ਚਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ, ਬਚਾਅ ਕਾਰਜਾਂ ਦੇ ਨਾਲ-ਨਾਲ ਟੀਮਾਂ ਨੇ ਪਾਣੀ, ਸੁੱਕਾ ਰਾਸ਼ਨ, ਭੋਜਨ, ਜ਼ਰੂਰੀ ਦਵਾਈਆਂ, ਮੋਮਬੱਤੀਆਂ ਅਤੇ ਮਾਚਸਾਂ, ਮੱਛਰ ਭਜਾਉਣ ਵਾਲੀ ਕਰੀਮ ਅਤੇ ਕੋਲਾ ਅਤੇ ਤਰਪਾਲ ਦੀਆਂ ਚਾਦਰਾਂ ਦੇ ਕੇ ਰਾਹਤ ਕਾਰਜ ਜਾਰੀ ਰੱਖੇ। ਫੂਡ ਸਪਲਾਈ ਵਿਭਾਗ ਦੇ ਨਾਲ-ਨਾਲ ਪਟਿਆਲਾ ਅਤੇ ਸਮਾਣਾ ਦੇ ਕਈ ਗੈਰ ਸਰਕਾਰੀ ਸੰਗਠਨਾਂ ਅਤੇ ਵਾਲੰਟੀਅਰ ਗਰੁੱਪਾਂ ਵੱਲੋਂ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ। ਲੋੜ ਪੈਣ 'ਤੇ ਡਾਕਟਰਾਂ ਨੂੰ ਪਾਣੀ ਦੇ ਉੱਚੇ ਪੱਧਰ ਵਾਲੇ ਖੇਤਰਾਂ ਵਿੱਚ ਵੀ ਭੇਜਿਆ ਗਿਆ ਸੀ। ਐਸਡੀਐਮ ਨੇ ਅੱਗੇ ਦੱਸਿਆ ਕਿ ਹੁਣ ਜਦੋਂ ਹੜ੍ਹ ਦਾ ਪਾਣੀ ਘੱਟ ਗਿਆ ਹੈ ਤਾਂ ਮੈਡੀਕਲ ਟੀਮਾਂ, ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਅਤੇ ਪਸ਼ੂਆਂ ਲਈ ਚਾਰੇ ਦੀਆਂ ਟਰਾਲੀਆਂ ਪ੍ਰਭਾਵਿਤ ਪਿੰਡਾਂ ਦਾ ਚੱਕਰ ਲਗਾ ਰਹੀਆਂ ਹਨ। ਜਦਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।