- ਲੋਕਾਂ ਨੂੰ ਇਸ ਜਸ਼ਨ 'ਚ ਸ਼ਮੂਲੀਅਤ ਲਈ ਨੇੜਲੇ ਡਾਕਘਰਾਂ ਤੋਂ ਝੰਡੇ ਖਰੀਦਣ ਦੀ ਵੀ ਕੀਤੀ ਅਪੀਲ
ਲੁਧਿਆਣਾ, 9 ਅਗਸਤ : ਡਾਕਘਰ ਲੁਧਿਆਣਾ ਦੇ ਸੀਨੀਅਰ ਸੁਪਰਡੈਂਟ ਡਾ. ਅਮਨਪ੍ਰੀਤ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਾਕ ਵਿਭਾਗ ਹਰ ਘਰ ਤਿਰੰਗਾ-2023 ਮੁਹਿੰਮ ਤਹਿਤ ਸਾਰੇ ਡਾਕਘਰਾਂ ਵਿੱਚ ਨਾਗਰਿਕਾਂ ਨੂੰ ਰਾਸ਼ਟਰੀ ਝੰਡੇ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸਦੇ ਤਹਿਤ ਨਾਗਰਿਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ 13-15 ਅਗਸਤ ਤੱਕ ਆਪਣੇ-ਆਪਣੇ ਘਰਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ। ਉਨ੍ਹਾਂ ਅੱਗੇ ਦੱਸਿਆ ਕਿ ਰਾਸ਼ਟਰੀ ਝੰਡੇ ਡਾਕਘਰਾਂ ਵਿਖੇ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਨੂੰ ਸਿਰਫ 25 ਰੁਪਏ ਪ੍ਰਤੀ ਝੰਡਾ ਦੇ ਕੇ ਖਰੀਦ ਸਕਦੇ ਹਨ। ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਡਾਕ ਵਿਭਾਗ ਭਾਰਤ ਦੇ ਲੋਕਾਂ ਨੂੰ ਘਰ-ਘਰ ਅਤੇ ਡਾਕਖਾਨੇ ਦੇ ਕਾਊਂਟਰਾਂ ੋਤੇ ਤਿਰੰਗਾ ਮੁਹੱਈਆ ਕਰਵਾ ਕੇ ਲੋਕਾਂ ਦੀ ਸਹੂਲਤ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਅਤੇ ਆਪਣੇ ਪਿਆਰੇ ਦੇਸ਼ ਪ੍ਰਤੀ ਦੇਸ਼ ਭਗਤੀ ਦਾ ਜਜ਼ਬਾ ਦਿਖਾਉਣ ਲਈ ਜ਼ਰੂਰੀ ਹੈ ਕਿ ਭਾਰਤ ਦਾ ਹਰ ਨਾਗਰਿਕ ਇਸ ਮੁਹਿੰਮ ਦੌਰਾਨ ਆਪਣਾ ਯੋਗਦਾਨ ਦੇਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਡਾਕ ਅਧਿਕਾਰੀਆਂ ਤੋਂ ਰਾਸ਼ਟਰੀ ਝੰਡਾ ਲੈਣ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਲੋਕ ਸੰਪਰਕ ਇੰਸਪੈਕਟਰ ਨਿਸ਼ੀ ਮੈਨੀ (88722-27111), ਸੁਧੀਰ ਵਰਮਾ (96461-31392) ਅਤੇ ਸ਼ਾਹੀ ਕੁਮਾਰ (83609-78392) ਨਾਲ ਸੰਪਰਕ ਕਰ ਸਕਦੇ ਹਨ।