ਰਾਏਕੋਟ, 03 ਜਨਵਰੀ (ਚਮਕੌਰ ਸਿੰਘ ਦਿਓਲ) : ਸਾਹਿਬ ਏ ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇੜਲੇ ਪਿੰਡ ਦੱਧਾਹੂਰ ਵਿਖੇ ਗੁਰਦੁਆਰਾ ਬਾਬਾ ਨੰਦ ਸਿੰਘ ਜੀ ਦੀ ਪ੍ਰਬੰਧਕੀ ਕਮੇਟੀ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਹੋਇਆ ਸੀ, ਵੱਡੀ ਗਿਣਤੀ ਵਿੱਚ ਸੰਗਤਾਂ ਵਾਹਿਗੁਰੂ ਗੁਰੂ ਜੀ ਦਾ ਜਾਪ ਕਰਦੀਆਂ ਹੋਈਆਂ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਸਨ। ਇਸ ਮੌਕੇ ਉੱਘੇ ਢਾਡੀ ਭਾਈ ਜਸਪਾਲ ਸਿੰਘ ਤਾਨ (ਫਤਹਿਗੜ੍ਹ ਸਾਹਿਬ ਵਾਲੇ) ਦੇ ਜੱਥੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਨਗਰ ਕੀਰਤਨ ਦੀ ਆਮਦ ਨੂੰ ਲੈ ਵੱਖ ਵੱਖ ਪੜਾਵਾਂ ਤੇ ਚਾਹ-ਪਕੌੜਿਆਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ’ਚ ਬਾਬਾ ਚਰਨ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਰਵਿੰਦਰ ਸਿੰਘ, ਨਿਹਾਲ ਸਿੰਘ, ਕੁਲਵੰਤ ਸਿੰਘ, ਕਰਤਾਰ ਸਿੰਘ, ਪਰਗਟ ਸਿੰਘ, ਰਾਜਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਸਨ।