- ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲਿਆਂ ਖਿਲਾਫ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ
ਫਾਜਿ਼ਲਕਾ, 5 ਸਤੰਬਰ : ਫਾਜਿ਼ਲਕਾ ਸ਼ਹਿਰ ਵਿਚ ਆਮ ਲੋਕਾਂ ਦੀ ਸਹੁਲਤ ਨੂੰ ਧਿਆਨ ਵਿਚ ਰੱਖਦਿਆਂ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜਿਆਂ ਖਿਲਾਫ ਅਭਿਆਨ ਚਲਾਇਆ ਗਿਆ। ਇਸ ਤਹਿਤ 8 ਲੋਕਾਂ ਦੇ ਚਲਾਨ ਕੀਤੇ ਗਏ ਹਨ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਜਾਣਕਾਰੀ ਦਿੱਤੀ ਹੈ ਕਿ ਸੜਕਾਂ ਕਿਨਾਰੇ ਕੁਝ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜਿਆਂ ਕਾਰਨ ਆਮ ਨਾਗਰਿਕਾਂ ਨੂੰ ਮੁਸਕਿਲਾਂ ਆ ਰਹੀਆਂ ਸਨ ਅਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਇਸ ਕਾਰਨ ਨਗਰ ਕੌਂਸਲ ਵੱਲੋਂ ਲੋਕਾਂ ਦੀ ਸਹੁਲਤ ਲਈ ਇਹ ਅਭਿਆਨ ਚਲਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ 8 ਲੋਕਾਂ ਦੇ ਚਲਾਨ ਕਰਨ ਦੇ ਨਾਲ ਨਾਲ ਨਜਾਇਜ਼ ਕਬਜਾ ਕਰਕੇ ਬੈਠੇ ਲੋਕਾਂ ਦਾ ਸਮਾਨ ਵੀ ਜਬਤ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁਝ ਲੋਕਾਂ ਨੇ ਸਰਕਾਰੀ ਕੰਮ ਕਾਜ ਵਿਚ ਵਿਘਨ ਪਾਉਣ ਦੀ ਕੋਸਿ਼ਸ ਕੀਤੀ ਜਿਸ ਸਬੰਧੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਆਪਣੀ ਮਾਲਕੀ ਦੀ ਹਦੂਦ ਤੋਂ ਬਾਹਰ ਸਮਾਨ ਰੱਖ ਕੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਨਾ ਬਣੇ। ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਸਮੇਂ ਸਮੇਂ ਤੇ ਨਗਰ ਕੌਂਸਲ ਇਸ ਤਰਾਂ ਦੇ ਅਭਿਆਨ ਜਾਰੀ ਰੱਖੇਗੀ।