ਮੁੱਲਾਂਪੁਰ ਦਾਖਾ 1 ਜੁਲਾਈ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਪਿੰਡ ਪੰਡੋਰੀ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੂੰਗੀ ਅਤੇ ਮੱਕੀ ਦੀ ਹੋ ਰਹੀ ਸਿਰੇ ਦੀ ਖੱਜਲਖੁਆਰੀ,ਬੇਕਦਰੀ ਤੇ ਅੰਨੀ ਲੁੱਟ ਬਾਰੇ ਗੰਭੀਰ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ ਅਤੇ ਵੱਖ-ਵੱਖ ਮਤੇ ਪਾਸ ਕੀਤੇ ਗਏ। ਅੱਜ ਦੀ ਮੀਟਿੰਗ ਨੂੰ ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਕੱਤਰ ਜਸਦੇਵ ਸਿੰਘ ਲਲਤੋਂ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ਤੇ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ ਨੇ ਸੰਬੋਧਨ ਕੀਤਾ। ਮੀਟਿੰਗ ਵੱਲੋਂ ਪਾਸ ਪਹਿਲੇ ਮਤੇ ਰਾਹੀਂ ਮੂੰਗੀ ਦੇ ਸਮਰਥਨ ਮੁੱਲ 8558 ਰੁ.ਪ੍ਰਤੀ ਕੁਇੰਟਲ ਦੀ ਬਜਾਏ 6000 ਤੋਂ 6500 ਰੁ. ਪ੍ਰਤੀ ਕੁਇੰਟਲ ਅਤੇ ਮੱਕੀ ਦੇ 2090 ਰੁ.ਪ੍ਰਤੀ ਕੁਇੰਟਲ ਸਮਰਥਨ ਮੁੱਲ ਦੀ ਥਾਂ 1000 ਤੋਂ 1500 ਰੁ. ਪ੍ਰਤੀ ਕੁਇੰਟਲ ਮੰਡੀ ਮੁੱਲ ਵਾਲੀ ਪ੍ਰਾਈਵੇਟ ਵਪਾਰੀਆਂ ਦੀ ਖਰੀਦ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ, ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਫੌਰੀ ਸਰਕਾਰੀ ਖ੍ਰੀਦ ਕਰਨ ਅਤੇ ਹੋ ਰਹੀ ਪ੍ਰਾਈਵੇਟ ਖ੍ਰੀਦ ਉਪਰ ਬਣਦੀ ਪੂਰੀ ਮੁਆਵਜ਼ਾ ਰਾਸ਼ੀ ਅਤੇ ਪਿਛਲੇ ਵਰ੍ਹੇ ਦੀ ਐਲਾਨੀ ਤੇ ਦੱਬੀ ਹੋਈ ਮੂੰਗੀ-ਮੁਆਵਜਾ ਰਕਮ (ਇਕ ਹਜ਼ਾਰ/ਕੁਵਿੰਟਲ) ਤੁਰੰਤ ਕਿਸਾਨਾਂ ਨੂੰ ਅਦਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ l ਜੇਕਰ 3 ਜੁਲਾਈ ਤੱਕ ਸੰਯੁਕਤ ਕਿਸਾਨ ਮੋਰਚਾ ਦੀ ਪੰਜਾਬ ਬ੍ਰਾਂਚ ਵਾਲੀਆਂ ਜੱਥੇਬੰਦੀਆਂ ਨਾਲ ਮੁੱਖ ਮੰਤਰੀ ਨੇ ਉਪਰੋਕਤ ਨਾਜਕ ਮੁੱਦੇ ਨੂੰ ਨਾ ਨਿਬੇੜਿਆ , ਤਾਂ ਮੋਰਚੇ ਵੱਲੋਂ ਆਰੰਭੇ ਜਾਣ ਵਾਲੇ ਵੱਡੇ ਘੋਲ 'ਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਵੱਧ ਚੜ੍ਹ ਕੇ ਨਿਗਰ ਸਮੂਲੀਅਤ ਕਰੇਗੀ। ਦੂਜੇ ਮਤੇ ਰਾਹੀਂ "ਐਨ.ਆਰ. ਆਈ. ਜਾਇਦਾਦ ਬਚਾਓ ਕਮੇਟੀ ਜਗਰਾਉਂ " ਦੀ 26 ਜੂਨ ਦੀ ਵਿਸ਼ਾਲ ਰੈਲੀ ਦੇ ਐਲਾਨ ਅਨੁਸਾਰ ਐਮ.ਐਲ.ਏ. ਸ਼੍ਰੀਮਤੀ ਸਰਬਜੀਤ ਕੌਰ ਮਾਣੂਕੇ, ਕਰਮ ਸਿੰਘ ਚੀਮਾ, ਸੰਬੰਧਤ ਮਾਲ ਅਧਿਕਾਰੀਆਂ ਉਪਰ ਬਣਦੇ ਕਾਨੂੰਨੀ ਪਰਚੇ ਫੌਰੀ ਦਰਜ ਦੀ ਪੁਰਜ਼ੋਰ ਮੰਗ ਕੀਤੀ ਹੈ; ਤਾਂ ਜੋ ਕਬਜਾਕਾਰੀ ਰੁਝਾਨ ਨੂੰ ਅਸਰਦਾਰ ਠੱਲ੍ਹ ਪਵੇ ਤੇ ਨਿਆਂ ਯਕੀਨੀ ਬਣੇ, ਤੀਜੇ ਮਤੇ ਰਾਹੀਂ ਮਰਹੂਮ ਬੀਬੀ ਕੁਲਵੰਤ ਕੌਰ ਰਸੂਲਪੁਰ ਕਤਲਕਾਂਡ ਦੇ ਮੁੱਖ ਦੋਸ਼ੀ ਡੀ.ਐੱਸ. ਪੀ. ਗੁਰਿੰਦਰ ਬੱਲ, ਏ. ਐੱਸ. ਆਈ. ਰਾਜਵੀਰ ਅਤੇ ਸਾਬਕਾ ਸਰਪੰਚ ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ 15 ਮਹੀਨੇ ਤੋਂ ਚੱਲ ਰਹੇ ਪੱਕਾ ਧਰਨਾ ਜਗਰਾਉਂ (ਮੁਹਰੇ ਸਿਟੀ ਥਾਣਾ)ਦੀ ਮੰਗ ਅਨੁਸਾਰ ਕੌਮੀ ਐਸ.ਸੀ/ਐਸ.ਟੀ ਕਮਿਸ਼ਨ ਦੇ ਹੁਕਮਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਨਹੀਂ ਤਾਂ 8 ਜੁਲਾਈ ਤੋਂ ਇਸ ਹੱਕੀ ਘੋਲ ਨੂੰ ਹੋਰ ਤੇਜ਼ ਤੇ ਵਿਸ਼ਾਲ ਕੀਤਾ ਜਾਵੇਗਾ, ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਪੰਡੋਰੀ (ਕੈਨੇਡਾ),ਵਿਜੈ ਕੁਮਾਰ ਪੰਡੋਰੀ, ਜੱਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਡਾ.ਗੁਰਮੇਲ ਸਿੰਘ ਕੁਲਾਰ, ਬਲਤੇਜ ਸਿੰਘ ਤੇਜੂ ਸਿੱਧਵਾਂ, ਕੁਲਜੀਤ ਸਿੰਘ ਬਿਰਕ, ਤੇਜਿੰਦਰ ਸਿੰਘ ਬਿਰਕ, ਗੁਰਚਰਨ ਸਿੰਘ ਲਾਡੀ ਸਿੱਧਵਾਂ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਸੁਰਜੀਤ ਸਿੰਘ ਸਵੱਦੀ, ਗੁਰਸੇਵਕ ਸਿੰਘ ਸੋਨੀ ਸਵੱਦੀ, ਅਮਰਜੀਤ ਸਿੰਘ ਖੰਜਰਵਾਲ, ਅਵਤਾਰ ਸਿੰਘ ਤਾਰ, ਗੁਰਚਰਨ ਸਿੰਘ ਤਲਵੰਡੀ, ਗੁਰਦੀਪ ਸਿੰਘ ਮੰਡਿਆਣੀ ਵਿਸੇਸ਼ ਤੌਰ ਤੇ ਹਾਜ਼ਰ ਹੋਏ।