
ਅਬੋਹਰ, 5 ਜਨਵਰੀ 2025 : ਅਬੋਹਰ 'ਚ ਇੱਕ ਬੱਸ ਨੇ ਸਕੂਟਰ 'ਤੇ ਜਾ ਰਹੀ ਸੱਸ ਅਤੇ ਨੂੰਹ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਨੂੰਹ ਦੀ ਮੌਤ ਹੋ ਗਈ। ਇਹ ਹਾਦਸਾ ਅਬੋਹਰ ਦੇ ਹਨੂੰਮਾਨਗੜ੍ਹ ਰੋਡ 'ਤੇ ਐਤਵਾਰ ਦੁਪਹਿਰ ਨੂੰ ਵਾਪਰਿਆ। ਇੱਥੇ ਇੱਕ ਪ੍ਰਾਈਵੇਟ ਬੱਸ ਦੀ ਟੱਕਰ ਵਿੱਚ ਸਕੂਟਰ ਸਵਾਰ ਔਰਤ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਸੱਸ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਜ਼ਖਮੀ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਥਾਣਾ ਨੰ. 2 ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮੇਸ਼ਵਰੀ ਦੇਵੀ (50) ਵਾਸੀ ਹਨੂੰਮਾਨਗੜ੍ਹ ਰੋਡ, ਢਾਣੀ ਦਾਦਾ ਨਿਰਣੀਆ ਆਪਣੀ ਨੂੰਹ ਵਿਮਲ (30) ਨਾਲ ਸਕੂਟਰ ’ਤੇ ਸ਼ਹਿਰ ਵੱਲ ਆ ਰਹੀ ਸੀ। ਜਦੋਂ ਉਹ ਦੋਵੇਂ ਬਾਈਪਾਸ ਓਵਰ ਬ੍ਰਿਜ ਨੇੜੇ ਮਲੂਕਪੁਰਾ ਨਹਿਰ ਦੇ ਪੁਲ ਕੋਲ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਨਿੱਜੀ ਬੱਸ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਬੱਸ ਨਾਲ ਟਕਰਾਉਣ ਕਾਰਨ ਵਿਮਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਸੱਸ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ 'ਤੇ ਬੱਸ ਛੱਡ ਕੇ ਫਰਾਰ ਹੋ ਗਿਆ। ਬੱਸ ਵਿੱਚ ਸਵਾਰ ਸਵਾਰੀਆਂ ਵੀ ਉਥੋਂ ਰਵਾਨਾ ਹੋ ਗਈਆਂ। ਘਟਨਾ ਦਾ ਪਤਾ ਲੱਗਦਿਆਂ ਹੀ ਮ੍ਰਿਤਕ ਦੇ ਰਿਸ਼ਤੇਦਾਰ ਹਸਪਤਾਲ ਪਹੁੰਚ ਗਏ। ਘਟਨਾ ਦਾ ਪਤਾ ਲੱਗਦੇ ਹੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸੇਵਾਦਾਰ ਬਿੱਟੂ ਨਰੂਲਾ ਅਤੇ ਮੋਨੂੰ ਗਰੋਵਰ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਦਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਰਖਵਾਇਆ ਗਿਆ। ਡਾਕਟਰਾਂ ਅਨੁਸਾਰ ਔਰਤ ਪਰਮੇਸ਼ਵਰੀ ਦੇਵੀ ਦੀ ਇੱਕ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਸੀ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।