- ਕੰਪੈਕਟਰਾਂ ਦੀ ਸਥਾਪਨਾ ਨਾਲ ਖੁੱਲ੍ਹੇ ਕੂੜੇ ਦੇ ਡੰਪਾਂ ਨੂੰ ਹਟਾਉਣ ਵਿੱਚ ਮਦਦ ਮਿਲੇਗੀ ਜੋ ਦਹਾਕਿਆਂ ਤੋਂ ਵਸਨੀਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ
ਲੁਧਿਆਣਾ, 15 ਮਾਰਚ : 'ਕੂੜਾ ਮੁਕਤ ਸ਼ਹਿਰ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅੱਗੇ ਵਧਦੇ ਹੋਏ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ੁੱਕਰਵਾਰ ਨੂੰ ਬਾਜਵਾ ਨਗਰ ਵਿੱਚ ਸਥਿਤ ਸਟੈਟਿਕ ਕੰਪੈਕਟਰ ਸਾਈਟ ਦਾ ਉਦਘਾਟਨ ਕੀਤਾ। ਇਸ ਜਗ੍ਹਾ 'ਤੇ ਕੰਪੈਕਟਰ ਲਗਾਉਣ ਤੋਂ ਬਾਅਦ ਬਾਜਵਾ ਨਗਰ (ਨੇੜੇ ਕਮਲਾ ਲੋਹਟੀਆ ਕਾਲਜ) ਅਤੇ ਵੇਟ ਗੰਜ ਵਿੱਚ ਲੱਗੇ ਕੂੜੇ ਦੇ ਡੰਪਾਂ ਨੂੰ ਪੱਕੇ ਤੌਰ 'ਤੇ ਹਟਾ ਦਿੱਤਾ ਜਾਵੇਗਾ। ਇਹ ਖੁੱਲ੍ਹੇ ਡੰਪ ਦਹਾਕਿਆਂ ਤੋਂ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਕਿਉਂਕਿ ਇਨ੍ਹਾਂ ਡੰਪ ਸਾਈਟਾਂ ਵਿੱਚੋਂ ਬਦਬੂ ਆਉਂਦੀ ਰਹੀ ਹੈ। ਕੰਪੈਕਟਰ ਸਾਈਟ ਦੀ ਸਥਾਪਨਾ ਲਗਭਗ 2 ਕਰੋੜ ਰੁਪਏ (ਸਿਵਲ ਅਤੇ ਮਕੈਨੀਕਲ ਲਾਗਤ ਸਮੇਤ) ਦੀ ਲਾਗਤ ਨਾਲ ਕੀਤੀ ਗਈ ਹੈ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਬਾਜਵਾ ਨਗਰ ਅਤੇ ਵੇਟ ਗੰਜ ਵਿੱਚ ਖੁੱਲ੍ਹੇ ਕੂੜੇ ਦੇ ਡੰਪ ਇਲਾਕਾ ਨਿਵਾਸੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰੇਸ਼ਾਨ ਕਰ ਰਹੇ ਸਨ ਅਤੇ ਰਵਾਇਤੀ ਪਾਰਟੀਆਂ ਇਸ ਸਮੱਸਿਆ ਵੱਲ ਧਿਆਨ ਦੇਣ ਵਿੱਚ ਅਸਫਲ ਰਹੀਆਂ ਸਨ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਅਧਿਕਾਰੀਆਂ ਕੋਲ ਮਾਮਲਾ ਉਠਾਉਣ ਤੋਂ ਬਾਅਦ ਇਸ ਕੰਪੈਕਟਰ ਸਾਈਟ ਨੂੰ ਸਥਾਪਤ ਕਰਨ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੁਣ ਸਟੈਟਿਕ ਕੰਪੈਕਟਰ ਲਗਾ ਦਿੱਤੇ ਗਏ ਹਨ। ਇਹਨਾਂ ਜਗ੍ਹਾਵਾਂ ਤੇ ਹੁਣ ਤੋਂ ਖੁੱਲ੍ਹੇ 'ਚ ਕੂੜਾ ਨਹੀਂ ਸੁੱਟਿਆ ਜਾਵੇਗਾ। ਕੂੜਾ ਸਿੱਧਾ ਕੰਪੈਕਟਰਾਂ ਵਿੱਚ ਡੰਪ ਕੀਤਾ ਜਾਵੇਗਾ ਅਤੇ ਫਿਰ ਇਸ ਨੂੰ ਹੁੱਕ ਲੋਡਰਾਂ ਦੀ ਵਰਤੋਂ ਕਰਕੇ ਤਾਜਪੁਰ ਰੋਡ 'ਤੇ ਨਗਰ ਨਿਗਮ ਦੇ ਮੁੱਖ ਡੰਪ ਸਾਈਟ 'ਤੇ ਪਹੁੰਚਾਇਆ ਜਾਵੇਗਾ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਕੁੱਲ ਛੇ ਕੰਪੈਕਟਰ ਸਾਈਟਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਦੋ ਹੁਣ ਚੀਮਾ ਚੌਕ ਅਤੇ ਬਾਜਵਾ ਨਗਰ ਵਿੱਚ ਚਾਲੂ ਕਰ ਦਿੱਤੇ ਗਏ ਹਨ। ਫੀਲਡ ਗੰਜ, ਸਿਵਲ ਹਸਪਤਾਲ ਦੇ ਪਿਛਲੇ ਪਾਸੇ, ਪ੍ਰਤਾਪ ਚੌਕ ਅਤੇ ਖਵਾਜਾ ਕੋਠੀ ਚੌਕ ਦੀਆਂ ਬਾਕੀ ਥਾਵਾਂ ‘ਤੇ ਵੀ ਆਉਣ ਵਾਲੇ ਦਿਨਾਂ ਵਿੱਚ ਸਟੈਟਿਕ ਕੰਪੈਕਟਰ ਚਾਲੂ ਕਰ ਦਿੱਤੇ ਜਾਣਗੇ। ਇਨ੍ਹਾਂ ਸਾਈਟਾਂ ਦੇ ਚਾਲੂ ਹੋਣ ਤੋਂ ਬਾਅਦ ਲੁਧਿਆਣਾ ਕੇਂਦਰੀ ਹਲਕੇ ਵਿੱਚੋਂ ਸਾਰੇ ਖੁੱਲ੍ਹੇ ਕੂੜੇ ਦੇ ਡੰਪਾਂ ਨੂੰ ਹਟਾ ਦਿੱਤਾ ਜਾਵੇਗਾ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਵਿੱਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਵਿਧਾਇਕ ਨੇ ਅੱਗੇ ਦੱਸਿਆ ਕਿ ਲੁਧਿਆਣਾ ਕੇਂਦਰੀ ਹਲਕੇ ਦੀ ਨੁਹਾਰ ਬਦਲਣ ਅਤੇ ਸ਼ਹਿਰ ਵਾਸੀਆਂ ਨੂੰ ਵੱਡੀ ਪੱਧਰ 'ਤੇ ਸਹੂਲਤ ਦੇਣ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਕੀਤੇ ਜਾ ਰਹੇ ਹਨ। ਉਦਘਾਟਨੀ ਸਮਾਰੋਹ ਦੌਰਾਨ ਦੀਪਕ ਮੱਕੜ, ਸਤਨਾਮ ਆਹੂਜਾ, ਰਾਜੂ ਵੋਹਰਾ, ਸਤਪਾਲ, ਰਾਜੇਸ਼ ਜੈਨ ਬੌਬੀ, ਅਰੁਣ ਕਪੂਰ, ਅਲਕਾ ਮਲਹੋਤਰਾ, ਅਰਵਿੰਦਰ ਚੱਢਾ, ਪਰਦੀਪ ਗੱਬੀ, ਅਨਿਲ ਪਾਰਤੀ, ਅੰਬਰ ਪਾਰਤੀ ਆਦਿ ਵੀ ਹਾਜ਼ਰ ਸਨ।