ਫਾਜ਼ਿਲਕਾ, 18 ਫਰਵਰੀ : ਬਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋ ਹਲਕਾ ਬੱਲੂਆਣਾ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਗਰਾਂਟ ਵੰਡ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਹਲਕਾ ਬੱਲੂਆਣਾ ਦੇ 45 ਪਿੰਡਾਂ ਦੇ ਸਕੂਲਾਂ ਲਈ 72 ਨਵੇਂ ਕਮਰੇ ਬੁਣਾਉਣ ਲਈ 4 ਕਰੋੜ 50 ਲੱਖ 72 ਹਜ਼ਾਰ ਰੁਪਏ ਦੇ ਚੈੱਕ ਸਕੂਲ ਮੁਖੀਆ ਨੂੰ ਵੰਡੇ ਗਏ। ਇਸ ਮੌਕੇ ਸਾਰੇ ਸਕੂਲ ਮੁਖੀਆ ਨੂੰ ਹਦਾਇਤ ਦਿੱਤੀ ਕਿ ਇਹਨਾਂ ਕਮਰਿਆਂ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਜ ਵਿੱਚ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ ਸਿਖਿਆ ਦੀ ਮਿਆਰ ਨੂੰ ਉਚਾ ਚੁਕਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਲਗਾਤਾਰ ਭਰਤੀਆਂ ਕੀਤੀਆ ਜਾ ਰਹੀਆਂ ਹਨ।ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਮਿਆਰੀ ਸਿੱਖਿਆ ਦੇਣ ਦੇ ਵਾਅਦੇ ਦੀ ਪੂਰਤੀ ਲਈ ਲਗਾਤਾਰ ਯਤਨਸ਼ੀਲ ਹੈ। ਇਸ ਲਈ ਸਭ ਤੋਂ ਪਹਿਲਾਂ ਸਕੂਲਾਂ ਦੀਆਂ ਇਮਾਰਤਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਸਿੱਖਿਆ ਖੇਤਰ ‘ ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣੀ ਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਾਡੀ ਪਹਿਲੀ ਤਰਜੀਹ ਹੈ। ਇਸ ਮੌਕੇ ਡੀ.ਈ.ਓ ਪ੍ਰਾਇਮਰੀ ਦੋਲਤ ਰਾਮ ਜੀ, ਸਮੂਹ ਬੀ.ਪੀ.ਈ.ਓ, ਸਮੂਹ ਸਕੂਲ ਮੁਖੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।