- ਯਾਤਰੀਆਂ ਲਈ ਵੱਡੀ ਰਾਹਤ ਕਿਉਂਕਿ ਇਸ ਨਾਲ ਹੀਰੋ ਬੇਕਰੀ ਚੌਕ ਤੋਂ ਪੱਖੋਵਾਲ ਰੋਡ ਨਹਿਰ ਦੇ ਪੁਲ ਤੱਕ ਦੀ ਸੁਚਾਰੂ ਆਵਾਜਾਈ ਯਕੀਨੀ ਹੋਵੇਗੀ।*
- ਆਉਣ ਵਾਲੇ ਕੁਝ ਮਹੀਨਿਆਂ 'ਚ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਨੂੰ ਵੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ :ਵਿਧਾਇਕ ਗੋਗੀ
ਲੁਧਿਆਣਾ, 14 ਅਗਸਤ: ਪੱਖੋਵਾਲ ਰੋਡ ਰੇਲਵੇ ਕਰਾਸਿੰਗ 'ਤੇ ਦੂਜੇ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਨੂੰ 15 ਅਗਸਤ ਤੱਕ ਖੋਲ੍ਹਣ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ, ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਸੋਮਵਾਰ ਨੂੰ ਆਰ.ਯੂ.ਬੀ. ਦਾ ਉਦਘਾਟਨ ਕੀਤਾ। ਇਹ ਆਰ.ਯੂ.ਬੀ. ਪੱਖੋਵਾਲ ਰੋਡ ਆਰ.ਓ.ਬੀ./ਆਰ.ਯੂ.ਬੀ. ਪ੍ਰੋਜੈਕਟ ਦਾ ਹਿੱਸਾ ਹੈ ਜੋ ਕਿ ਲਗਭਗ 131 ਕਰੋੜ ਰੁਪਏ (ਰੇਲਵੇ ਹਿੱਸੇ ਸਮੇਤ) ਦੀ ਲਾਗਤ ਨਾਲ ਸਮਾਰਟ ਸਿਟੀ ਮਿਸ਼ਨ ਅਧੀਨ ਕੀਤਾ ਜਾ ਰਿਹਾ ਹੈ। ਇਸ ਨਾਲ ਹੀਰੋ ਬੇਕਰੀ ਚੌਂਕ ਤੋਂ ਪੱਖੋਵਾਲ ਰੋਡ ਨਹਿਰ ਦੇ ਪੁਲ ਤੱਕ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇਗਾ। ਉਦਘਾਟਨੀ ਸਮਾਰੋਹ ਦੌਰਾਨ ਵਿਧਾਇਕ ਗੋਗੀ ਦੇ ਨਾਲ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਜੂਦ ਸਨ। ਵਿਧਾਇਕ ਗੋਗੀ ਨੇ ਦੱਸਿਆ ਕਿ ਪੱਖੋਵਾਲ ਰੋਡ ਨਹਿਰ ਦੇ ਪੁਲ ਨੂੰ ਸਰਾਭਾ ਨਗਰ ਨਾਲ ਜੋੜਨ ਵਾਲਾ ਇੱਕ ਆਰ.ਯੂ.ਬੀ. ਉਹਨਾਂ ਵੱਲੋਂ ਪਹਿਲਾਂ ਹੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ ਅਤੇ ਦੂਜਾ ਆਰ.ਯੂ.ਬੀ. ਸੋਮਵਾਰ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਇਲਾਕੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ। ਵਿਧਾਇਕ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਕਮ ਲੁਧਿਆਣਾ ਸਮਾਰਟ ਸਿਟੀ ਲਿਮਟਿਡ (ਐਲ.ਐਸ.ਸੀ.ਐਲ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾ. ਸ਼ੇਨਾ ਅਗਰਵਾਲ ਨੇ ਅੱਗੇ ਦੱਸਿਆ ਕਿ ਇਸ ਆਰ.ਯੂ.ਬੀ. ਦੇ ਖੁੱਲ੍ਹਣ ਨਾਲ ਹੁਣ ਹੀਰੋ ਬੇਕਰੀ ਚੌਕ ਤੋਂ ਪੱਖੋਵਾਲ ਰੋਡ ਨਹਿਰ ਦੇ ਪੁਲ ਤੱਕ ਪਹੁੰਚਣ ਲਈ ਸ਼ਹਿਰ ਵਾਸੀਆਂ ਨੂੰ ਸਰਾਭਾ ਨਗਰ ਜਾਂ ਮਾਡਲ ਟਾਊਨ ਐਕਸਟੈਨਸ਼ਨ ਤੋਂ ਲੰਘਣਾ ਨਹੀਂ ਪਵੇਗਾ। ਇਹ ਦੂਰੀ ਹੁਣ ਇੱਕ ਮਿੰਟ ਵਿੱਚ ਪੂਰੀ ਹੋ ਜਾਵੇਗੀ। ਵਿਧਾਇਕ ਗੋਗੀ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਆਉਣ ਤੋਂ ਬਾਅਦ ਪੱਖੋਵਾਲ ਰੋਡ ਆਰ.ਓ.ਬੀ./ਆਰ.ਯੂ.ਬੀ. ਪ੍ਰੋਜੈਕਟ ਨੇ ਤੇਜ਼ੀ ਫੜ ਲਈ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਆਰ.ਓ.ਬੀ. ਨੂੰ ਆਵਾਜਾਈ ਲਈ ਵੀ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ 'ਆਪ' ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ 'ਆਪ' ਆਗੂ ਤਨਵੀਰ ਸਿੰਘ ਧਾਲੀਵਾਲ, ਸਤਵਿੰਦਰ ਜਵੱਦੀ, ਅੰਮ੍ਰਿਤ ਵਰਸ਼ਾ ਰਾਮਪਾਲ ਆਦਿ ਵੀ ਹਾਜ਼ਰ ਸਨ।