- ਯੂਥ ਕਲੱਬ ਵਲੋਂ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ
- ਕਿਹਾ! ਨਸ਼ਿਆਂ ਨੂੰ ਹਰਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ
ਲੁਧਿਆਣਾ, 29 ਅਗਸਤ : ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵਲੋਂ ਅੱਜ ਅੰਤਰਰਾਸ਼ਟਰੀ ਖੇਡ ਦਿਵਸ ਮੌਕੇ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਅਧੀਨ ਵਾਰਡ ਨੰ: 22 ਵਿੱਚ ਯੂਥ ਸਰਵਿਸਿਜ਼ ਕਲੱਬ ਨੂੰ ਵੱਲੋਂ ਪੰਜਾਬ ਸਰਕਾਰ ਵਲੋਂ ਆਈ ਖੇਡ ਕਿੱਟ ਭੇਂਟ ਕੀਤੀ ਗਈ, ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਕਿੱਟ ਪ੍ਰਾਪਤ ਕਰਨ 'ਤੇ ਵਿਧਾਇਕ ਛੀਨਾ ਦਾ ਯੂਥ ਸਰਵਿਸਿਜ਼ ਕਲੱਬ ਦੇ ਪ੍ਰਧਾਨ ਧੰਨੂ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਕਲੱਬ ਮੈਂਬਰਾਂ ਨੇ ਸਮੂਹਿਕ ਤੌਰ ਤੇ ਕਿਹਾ ਕਿ ਉਹ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਅਕਸਰ ਜਦੋਂ ਨੌਜਵਾਨ ਵਿਹਲੇ ਹੁੰਦੇ ਨੇ ਤਾਂ ਉਹ ਗਲਤ ਸੰਗਤ ਵਿੱਚ ਚਲੇ ਜਾਂਦੇ ਹਨ, ਪਰ ਹੁਣ ਕਲੱਬ ਅਤੇ ਐਮ ਐਲ ਏ ਦੇ ਸਹਿਯੋਗ ਨਾਲ ਉਹ ਖੇਡਾਂ ਵਿੱਚ ਦਿਲਚਸਪੀ ਦਿਖਾਉਣਗੇ। ਅੰਤਰਰਾਸ਼ਟਰੀ ਖੇਡ ਦਿਵਸ ਦੀ ਵਧਾਈ ਦਿੰਦਿਆਂ ਹੋਇਆ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਨਾ ਤਾਂ ਨੌਕਰੀਆਂ ਦਿੱਤੀਆਂ ਗਈਆਂ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ, ਪਰ ਹੁਣ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਮੁੱਖ ਮੰਤਰੀ ਮਾਨ ਵੱਲੋਂ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਇਨ੍ਹਾਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਵੰਡੇ ਗਏ। ਇਸੇ ਲੜੀ ਤਹਿਤ ਅੱਜ ਬਠਿੰਡਾ ਵਿੱਚ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜਨ-2 ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਨਸ਼ਾ ਆਪਣੇ ਸਿਖਰ 'ਤੇ ਰਿਹਾ ਹੈ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਹੀ ਇਕੋ ਇਕ ਵਿਕਲਪ ਹੈ, ਜਿਸ ਨਾਲ ਉਹ ਨਾ ਸਿਰਫ਼ ਨਸ਼ਾ ਛੱਡ ਸਕਣਗੇ, ਸਗੋਂ ਤੰਦਰੁਸਤ ਵੀ ਰਹਿਣਗੇ। ਇੱਕ ਚੰਗੇ ਸਮਾਜ ਦੀ ਕਲਪਨਾ ਕਰਨਗੇ ਅਤੇ ਆਪਣੇ ਪਰਿਵਾਰਾਂ ਦਾ ਵੀ ਖਿਆਲ ਰੱਖਣਗੇ।