- ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ 150 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਸਟੇਟ ਆਫ਼ ਦੀ ਆਰਟ ਟਰੋਮਾ ਸੈਂਟਰ : ਡਾ. ਬਲਬੀਰ ਸਿੰਘ
ਪਟਿਆਲਾ, 7 ਜੁਲਾਈ : ਪੰਜਾਬ ਦੇ ਮੈਡੀਕਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਵਿਖੇ ਉੱਚ ਪੱਧਰੀ ਮੀਟਿੰਗ ਕਰਦਿਆਂ ਕਿਹਾ ਕਿ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ 150 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਆਫ਼ ਦੀ ਆਰਟ ਟਰੋਮਾ ਸੈਂਟਰ ਜਲਦ ਬਣਾਉਣਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸੀਨੀਅਰ ਰੈਂਜੀਡੈਂਸ ਸਟਾਫ਼ ਅਤੇ ਹੋਰ ਮੈਡੀਕਲ ਸਟਾਫ਼ ਲਈ ਕਰੀਬ 92 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਸਟੋਰੀ ਫਲੈਟ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਵਿਖੇ 4.75 ਕਰੋੜ ਰੁਪਏ ਦੀ ਲਾਗਤ ਨਾਲ ਸਪੋਰਟਸ ਹਾਲ ਦਾ ਨਿਰਮਾਣ ਵੀ ਕੀਤਾ ਜਾਵੇਗਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੂਨੀਅਰ ਰੈਜੀਡੈਂਟ ਲਈ 13.52 ਕਰੋੜ ਦੀ ਲਾਗਤ ਨਾਲ ਹੋਸਟਲ ਦਾ ਨਿਰਮਾਣ ਕੀਤਾ ਜਾਵੇਗਾ ਅਤੇ 1.11 ਕਰੋੜ ਦੀ ਲਾਗਤ ਨਾਲ ਲਾਂਡਰੀ ਪਲਾਂਟ ਦਾ ਵੀ ਨਵੀਨੀਕਰਨ ਹੋਵੇਗਾ। ਇਸ ਤੋਂ ਇਲਾਵਾ ਈ.ਐਨ.ਟੀ. ਵਿਭਾਗ ਵਿੱਚ 31 ਲੱਖ ਦੀ ਲਾਗਤ ਨਾਲ ਐਡੋਲੋਜੀ ਰੂਮ ਸਥਾਪਤ ਕੀਤਾ ਜਾਵੇਗਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਖੇਤਰ ਲਈ ਵੱਡਾ ਬਜਟ ਰੱਖਿਆ ਗਿਆ ਹੈ ਤੇ ਸੂਬੇ ਦੇ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਜਲਦ ਦੇਖਣ ਨੂੰ ਮਿਲਣਗੇ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰੀ ਡੈਂਟਲ ਕਾਲਜ ਵਿਖੇ ਵੀ ਐਸੋਸੀਏਟ ਪ੍ਰੋਫੈਸਰ ਦੀਆਂ ਅਸਾਮੀਆਂ ਜਲਦੀ ਕੱਢੀਆਂ ਜਾਣਗੀਆਂ ਅਤੇ ਸਿਹਤ ਵਿਭਾਗ ਵਿੱਚ ਸਟਾਫ਼ ਦੀ ਕਮੀ ਨੂੰ ਹਰੇਕ ਪੱਧਰ 'ਤੇ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਵੀ ਹੋਰਨਾਂ ਇੰਸਟੀਚਿਊਟ ਵਿੱਚ ਦੌਰੇ ਕਰਵਾਏ ਜਾਣਗੇ ਤਾਂ ਜੋ ਗਿਆਨ ਅਤੇ ਤਕਨੀਕ ਦਾ ਆਦਾਨ ਪ੍ਰਦਾਨ ਹੋ ਸਕੇ। ਇਸ ਮੌਕੇ ਮੈਡੀਕਲ ਸਿੱਖਿਆ ਦੇ ਵਿਸ਼ੇਸ਼ ਮੁੱਖ ਸਕੱਤਰ ਅਨੁਰਾਗ ਅਗਰਵਾਲ, ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ ਉਪ ਕੁਲਪਤੀ ਰਾਹੁਲ ਗੁਪਤਾ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।