- ਸ਼ਹੀਦ ਸੈਨਿਕਾਂ ਦੇ ਪਰਿਵਾਰ ਲੋੜੀਂਦੇ ਦਸਤਾਵੇਜ਼ ਕਰਵਾਉਣ ਜ਼ਿਲ੍ਹਾ ਰੱਖਿਆ ਭਲਾਈ ਦਫ਼ਤਰ ਵਿਖੇ ਜਮ੍ਹਾਂ-ਡਿਪਟੀ ਕਮਿਸ਼ਨਰ
ਮੋਗਾ, 17 ਅਕਤੂਬਰ : ਸਾਲ 1962, 1965 ਅਤੇ 1971 ਦੀਆਂ ਜੰਗਾਂ ਅਤੇ ਵੱਖ-ਵੱਖ ਓਪਰੇਸ਼ਨਾਂ ਦੌਰਾਨ ਮੋਗਾ ਜ਼ਿਲ੍ਹੇ ਦੇ ਸ਼ਹੀਦ ਹੋਏ ਸੈਨਿਕਾਂ ਦੇ ਸਨਮਾਨ ਲਈ ਉਨ੍ਹਾਂ ਦੇ ਨਾਮਾਂ ਦੀ ਮੋਗਾ ਸ਼ਹਿਰ ਦੇ ਪ੍ਰਮੁੱਖ ਪਾਰਕ ਵਿਖੇ ਸਮਾਰਕ ਬਣਾਈ ਜਾਣੀ ਹੈ ਜਿਸ ਸਬੰਧੀ ਉਨ੍ਹਾਂ ਦੇ ਨਾਮ ਦਰਜ ਕੀਤੇ ਜਾਣੇ ਹਨ। ਇਹ ਨਾਮ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਮੋਗਾ ਵੱਲੋਂ ਦਰਜ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਨਾਲ ਸਬੰਧਤ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਜਿਹਨਾਂ ਪਰਿਵਾਰਾਂ ਕੋਲ ਸ਼ਹੀਦ ਦੀ ਸ਼ਹਾਦਤ ਸੰਬੰਧੀ ਦਸਤਾਵੇਜ਼ ਹਨ ਉਹ ਦਸਤਾਵੇਜ਼ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਜਿਹੜਾ ਕਿ ਕਮਰਾ ਨੰਬਰ ਸੀ-214, ਦੂਸਰੀ ਮੰਜਿਲ, ਡੀ.ਸੀ ਕੰਪਲੈਕਸ ਮੋਗਾ ਵਿਖੇ ਸਥਿਤ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਉਕਤ ਸ਼ਹੀਦਾਂ ਦੀ ਸ਼ਹਾਦਤ ਸਬੰਧੀ ਦਸਤਾਵੇਜ 15 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਰੱਖਿਆ ਭਲਾਈ ਦਫ਼ਤਰ ਮੋਗਾ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇ ਤਾਂ ਕਿ ਕਿਸੇ ਵੀ ਸਨਮਾਨਯੋਗ ਸ਼ਹੀਦ ਦਾ ਨਾਮ ਸਮਾਰਕ ਉੱਪਰ ਲਿਖਣ ਤੋਂ ਵਾਂਝਾ ਨਾ ਰਹਿ ਜਾਵੇ।