ਮਸਤੂਆਣਾ ਸਾਹਿਬ, 9 ਫਰਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਕੁੱਝ ਹੋਰ ਆਗੂਆਂ ਵੱਲੋਂ ਸੀਨੀਅਰ ਸੂਬਾ ਆਗੂਆਂ ਨੂੰ ਜਥੇਬੰਦੀ ਵਿੱਚੋਂ ਬਾਹਰ ਕਰਨ ਦੇ ਅਸਲ ਕਾਰਨਾਂ ਉੱਪਰ ਵਿਚਾਰ ਕਰਨ ਲਈ ਜ਼ਿਲ੍ਹਾ ਪੱਧਰੀ ਮੀਟਿੰਗ ਮਸਤੂਆਣਾ ਸਾਹਿਬ ਵਿਖੇ ਸੁਖਦੇਵ ਸਿੰਘ ਬਾਲਦ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਆਗੂਆਂ ਮਨਜੀਤ ਸਿੰਘ ਧਨੇਰ, ਬਲਵੰਤ ਸਿੰਘ ਉੱਪਲੀ, ਸਾਹਿਬ ਸਿੰਘ ਬਡਬਰ, ਸੁਖਦੇਵ ਸਿੰਘ ਬਾਲਦ ਕਲਾਂ, ਕਰਮਜੀਤ ਸਿੰਘ ਛੰਨਾ, ਸੰਤ ਰਾਮ ਸਿੰਘ ਛਾਜਲੀ ਨੇ ਕਿਹਾ ਕਿ ਸੂਬਾ ਲੀਡਰਸ਼ਿਪ ਦੇ ਇੱਕ ਗੁੱਟ ਵੱਲੋਂ ਫੁੱਟ ਪਾਊ, ਗੈਰਸੰਵਿਧਾਨਕ, ਗੈਰ ਜਥੇਬੰਦਕ, ਗੁੱਟਬੰਦਕ ਅਮਲ ਰਾਹੀਂ 2 ਫਰਵਰੀ ਦੀ ਸੂਬਾਈ ਮੀਟਿੰਗ ਵਿੱਚ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ। ਇਸੇ ਹੀ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ, ਬਰਨਾਲਾ ਜ਼ਿਲ੍ਹੇ ਦੇ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਲਾਕ ਬਰਨਾਲਾ ਦੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀ ਕਲਾਂ ਨੂੰ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਸੀ। ਬੂਟਾ ਸਿੰਘ ਬੁਰਜਗਿੱਲ ਦੇ ਗੁੱਟ ਵੱਲੋਂ ਅਜਿਹੇ ਹੋਛੇ ਹੱਥਕੰਡਿਆਂ ਬਾਰੇ ਗੱਲਬਾਤ ਕਰਦਿਆਂ ਆਗੂਆਂ ਦੱਸਿਆ ਕਿ ਤਿੰਨ ਖੇਤੀ ਬਾੜੀ ਵਿਰੋਧੀ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਵੱਲੋਂ ਕੇਂਦਰੀ ਏਜੰਸੀਆਂ ਅਤੇ ਸਰਕਾਰ ਨਾਲ ਮਿਲ ਕੇ ਘੋਲ ਨੂੰ ਹਰਜਾ ਪਹੁੰਚਾਉਣ ਲਈ ਕੀਤੀਆਂ ਕਾਰਵਾਈਆਂ ਖ਼ਿਲਾਫ਼ 6 ਦਸੰਬਰ, 2022 ਨੂੰ ਐੱਸਕੇਐੱਮ ਦੀ ਪੜਤਾਲੀਆ ਕਮੇਟੀ ਵੱਲੋਂ ਜਾਰੀ ਕੀਤੇ ਨੋਟਿਸ ਉੱਪਰ ਵਿਚਾਰ ਕਰਨ ਤੋਂ ਭਗੌੜੀ ਹੋ ਗਈ ਸੀ। ਆਗੂਆਂ ਨੇ ਕਿਹਾ ਕਿ ਸੂਬਾ ਪ੍ਰਧਾਨ ਲੰਬੇ ਸਮੇਂ ਤੋਂ ਫੁੱਟ ਪਾਊ, ਗੈਰਸੰਵਿਧਾਨਕ, ਗੈਰ ਜਥੇਬੰਦਕ, ਗੁੱਟਬੰਦਕ ਸਾਜ਼ਿਸ਼ੀ ਅਮਲ ਚਲਾ ਰਿਹਾ ਹੈ। ਹੁਣ 5 ਫਰਵਰੀ ਨੂੰ ਬੁਖਲਾਹਟ ਵਿੱਚ ਆ ਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਦੋ ਹੋਰ ਸੀਨੀਅਰ ਸੂਬਾਈ ਆਗੂਆਂ ਨੂੰ ਜਥੇਬੰਦੀ ਵਿੱਚੋਂ ਖਾਰਜ ਕਰਨ ਦਾ ਤਾਨਾਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਹੈ। ਆਗੂਆਂ ਕਿਹਾ ਕਿ ਸੂਬਾ ਆਗੂ ਦਿੱਲੀ ਮੋਰਚੇ ਦੌਰਾਨ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਵੱਲੋਂ ਕੇਂਦਰੀ ਏਜੰਸੀਆਂ ਦੇ ਇਸ਼ਾਰਿਆਂ ਤੇ ਕੀਤੀਆਂ ਕਾਰਵਾਈਆਂ ਨੂੰ ਸੰਵਿਧਾਨਕ ਅਦਾਰਿਆਂ ਵਿੱਚ ਵਿਚਾਰਨ ਲਈ ਲਿਖਤੀ ਅਤੇ ਜ਼ੁਬਾਨੀ ਇੱਕ ਸਾਲ ਤੋਂ ਮੰਗ ਕਰ ਰਹੇ ਸਨ ਪਰ ਇਹ ਗੁੱਟ ਅਦਾਰਿਆਂ ਵਿੱਚ ਇਨ੍ਹਾਂ ਵਿਸ਼ਿਆਂ ਉੱਪਰ ਵਿਚਾਰ ਵਟਾਂਦਰਾ ਕਰਨ ਤੋਂ ਟਾਲਾਮਟੋਲ ਦੀ ਨੀਤੀ ਉੱਤੇ ਚੱਲ ਰਿਹਾ ਸੀ। ਹੁਣ ਇੱਕ ਵਾਰ ਫੇਰ ਐੱਸਕੇਐੱਮ ਦੀ ਅਗਵਾਈ ਵਿੱਚ 9 ਦਸੰਬਰ 2021 ਨੂੰ ਲਿਖਤੀ ਸਮਝੌਤਾ ਕਰਨ ਵੇਲੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝਾ ਕਿਸਾਨ ਸੰਘਰਸ਼ ਦਿੱਲੀ ਦੀਆਂ ਬਰੂਹਾਂ ਵੱਲ ਵਹੀਰਾਂ ਘੱਤਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਗੁੱਟ ਜਥੇਬੰਦੀ ਵਿੱਚੋਂ ਸੂਬਾ ਆਗੂਆਂ ਨੂੰ ਸੰਵਿਧਾਨ ਦੀਆਂ ਮਰਿਆਦਾਵਾਂ ਨੂੰ ਉਲੰਘਕੇ ਖਾਰਜ ਕਰਕੇ ਸਾਂਝੀ ਕਿਸਾਨ ਲਹਿਰ ਨੂੰ ਗੰਭੀਰ ਨੁਕਸਾਨ ਪਹੁੰਚਾਹੁਣ ਦੀ ਸਾਜ਼ਿਸ਼ ਰਚ ਰਿਹਾ ਹੈ। ਆਗੂਆਂ ਕਿਹਾ ਕਿ ਬੂਟਾ ਸਿੰਘ ਬੁਰਜਗਿੱਲ ਦੇ ਗੁੱਟ ਵੱਲੋਂ ਬੁਖਲਾਹਟ ਵਿੱਚ ਆ ਕੇ ਕੀਤੀਆਂ ਜਾ ਰਹੀਆਂ ਇਹਨਾਂ ਤਾਨਾਸ਼ਾਹ, ਗੈਰਸੰਵਿਧਾਨਕ, ਗੁੱਟ ਬੰਦਕ ਕਾਰਵਾਈਆਂ ਨੂੰ ਡਟਕੇ ਲੋਕਾਂ ਦੀ ਕਚਿਹਰੀ ਵਿੱਚ ਲਿਜਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਅਤੇ ਐਲਾਨਨਾਮੇ ਨੂੰ ਹਰ ਹਾਲਾਤ ਵਿੱਚ ਬੁਲੰਦ ਰੱਖਣ ਦਾ ਅਹਿਦ ਕੀਤਾ ਜਾਵੇਗਾ। ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਦੀਆਂ ਫੁੱਟ ਪਾਊ, ਗੈਰਸੰਵਿਧਾਨਕ ਕਾਰਵਾਈਆਂ ਨੂੰ ਵਿਚਾਰਨ ਲਈ ਜਲਦ ਹੀ ਜਥੇਬੰਦੀ ਦੀ ਸੰਵਿਧਾਨਕ ਮਰਿਆਦਾ ਅਨੁਸਾਰ ਉੱਚਤਮ ਅਦਾਰੇ ਜਨਰਲ ਕੌਂਸਲ ਬੁਲਾਈ ਗਈ ਹੈ। ਇਹ ਜਨਰਲ ਕੌਂਸਲ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਬਲਵੰਤ ਉੱਪਲੀ, ਕਿਸ਼ਨਗੜ੍ਹ ਅਤੇ ਹੋਰ ਸੂਬਾਈ ਆਗੂਆਂ ਦੀ ਅਗਵਾਈ ਹੇਠ ਹੋਵੇਗੀ। ਮੀਟਿੰਗ ਵਿੱਚ ਬਲਜੀਤ ਸਿੰਘ, ਮਹਿੰਦਰ ਸਿੰਘ ਲੌਂਗੋਵਾਲ, ਬਲਜੀਤ ਸਿੰਘ ਕੁੰਭੜਵਾਲ, ਜਗਤਾਰ ਸਿੰਘ ਕਲੇਰਾਂ, ਸੁਖਦੇਵ ਸਿੰਘ ਘਰਾਚੋਂ, ਦਰਸ਼ਨ ਸਿੰਘ ਕਾਤਰੋਂ, ਗੁਰਮੁਖ ਸਿੰਘ ਸ਼ੇਰਪੁਰ, ਕਰਮਜੀਤ ਸਿੰਘ ਗੁਰਬਖਸ਼ਪੁਰਾ ਆਦਿ ਆਗੂਆਂ ਨੇ ਬੀਕੇਯੂ ਏਕਤਾ ਡਕੌਂਦਾ ਜ਼ਿਲ੍ਹਾ ਸੰਗਰੂਰ ਦੇ ਜਨਰਲ ਕੌਂਸਲ ਮੈਂਬਰਾਂ ਨੂੰ ਆਪਣੀ ਜਥੇਬੰਦੀ ਨੂੰ ਹੋਰ ਵੱਧ ਮਜ਼ਬੂਤ ਕਰਨ ਲਈ ਪੂਰੇ ਇਨਕਲਾਬੀ ਜ਼ੋਰ ਸ਼ਾਮਿਲ ਹੋਣ ਦੀ ਅਪੀਲ ਕੀਤੀ।