ਫਰੀਦਕੋਟ 18 ਅਕਤੂਬਰ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਤੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਦੀਆਂ ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਜ਼ ਨਾਲ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਜਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਡਾ. ਗਿੱਲ ਨੇ ਹਾਜਰ ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਜ਼ ਨੂੰ ਜੀ ਆਇਆਂ ਨੂੰ ਕਿਹਾ ਅਤੇ ਝੋਨੇ/ਬਾਸਮਤੀ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਮੀਟਿੰਗ ਨੂੰ ਮੀਟਿੰਗ-ਕਮ-ਟ੍ਰੇਨਿੰਗ ਸਮਝਿਆ ਜਾਵੇ ਅਤੇ ਗਾਈਡ ਦੇ ਤੌਰ ਤੇ ਕਿਸਾਨ ਵੀਰਾਂ ਨਾਲ ਕੰਮ ਕੀਤਾ ਜਾਵੇ। ਡਾ. ਕੁਲਵੰਤ ਸਿੰਘ ਬਲਾਕ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ। ਉਨ੍ਹਾਂ ਅੱਗ ਲਗਾਉਣ ਨਾਲ ਜ਼ਮੀਨ ਨੂੰ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇੰਜ. ਹਰਚਰਨ ਸਿੰਘ ਵਲੋਂ ਸੀ.ਆਰ.ਐਮ. ਸਕੀਮ ਅਧੀਨ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਅਤੇ ਉਸ ਦੀ ਵਰਤੋਂ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਵੀਰ ਕੋਲ ਪਰਾਲੀ ਪ੍ਰਬੰਧਨ ਸਬੰਧੀ ਕਈ ਮਸ਼ੀਨਰੀ ਨਹੀਂ ਹੈ ਤਾਂ ਵਿਭਾਗ ਉਸ ਨੂੰ ਕਿਰਾਏ ਉੱਤੇ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਪਾਬੰਦ ਹੋਵੇਗਾ। ਉਨ੍ਹਾਂ ਦੱਸਿਆ ਕਿ ਮਸ਼ੀਨਰੀ ਸਬੰਧੀ ਲਿਸਟਾਂ ਜਿਲ੍ਹੇ ਦੀਆਂ 79 ਸਹਿਕਾਰੀ ਸਭਾਵਾਂ ਵਿੱਚ ਲਗਾ ਦਿੱਤੀਆਂ ਗਈਆਂ ਹਨ। ਡਾ. ਰੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਬੀਜ) ਵੱਲੋਂ ਦੱਸਿਆ ਗਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਲੜੀ ਤਹਿਤ ਕਾਲਜਾਂ ਸਕੂਲਾਂ ਵਿੱਚ ਸੈਮੀਨਾਰ ਕੀਤੇ ਜਾ ਰਹੇ ਹਨ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਜ਼ ਨੇ ਵਿਸ਼ਵਾਸ਼ ਦਵਾਇਆ ਕਿ ਉਹ ਇਸ ਕੰਮ ਨੂੰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।