- ਸਤ ਫੀਸਦੀ ਟੀਕਾਕਰਨ ਮੁਕੰਮਲ ਕਰਨ ਲਈ ਆਈ.ਐਮ.ਆਈ. 5.0 ਪ੍ਰੋਗਰਾਮ ਦਾ ਪਹਿਲਾ ਰਾਊਂਡ 11 ਤੋਂ 16 ਸਤੰਬਰ ਤੱਕ ਚੱਲੇਗਾ
- ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੇ ਨੁਮਾਇੰਦਿਆਂ ਨਾਲ ਮੀਟਿੰਗ
- ਹੈਲਥ ਸੁਪਰਵਾਈਜ਼ਰਾਂ ਨੂੰ ਆਪਣੇ ਖੇਤਰ ਦੀਆਂ ਪੈਂਡਿੰਗ ਲਿਸਟਾਂ ਤੇ ਮਾਈਕਰੋ ਪਲਾਨ ਤਿਆਰ ਕਰਨ ਦੇ ਸਖਤ ਨਿਰਦੇਸ਼ ਜਾਰੀ
ਮੋਗਾ, 4 ਅਗਸਤ : ਸਾਲ 2023 ਵਿੱਚ ਖਸਰਾ ਅਤੇ ਰੁਬੇਲਾ ਦੀਆਂ ਬਿਮਾਰੀਆਂ ਨੂੰ ਖਤਮ ਕਰਨ ਦੇ ਅਤੇ ਇਸਦੇ ਸਤ ਫੀਸਦੀ ਟੀਕਾਕਰਨ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਮਨੋਰਥ ਵਜੋਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਦੀ ਮੀਟਿੰਗ ਬੁਲਾਈ। ਉਨ੍ਹਾਂ ਦੱਸਿਆ ਕਿ ਖਸਰਾ ਅਤੇ ਰੁਬੇਲਾ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਟੀਕਾਕਰਨ ਦੀਆਂ ਦੋ ਖੁਰਾਕਾਂ ਲੱਗਣੀਆਂ ਲਾਜ਼ਮੀ ਹਨ। ਪਹਿਲੀ ਖੁਰਾਕ 9 ਮਹੀਨੇ ਦੀ ਉਮਰ ਵਿੱਚ ਦੂਸਰੀ ਖੁਰਾਕ 16 ਤੋਂ 24 ਮਹੀਨਿਆਂ ਦੀ ਉਮਰ ਵਿੱਚ ਬੱਚਿਆਂ ਦੇ ਲੱਗਣੀ ਜਰੂਰੀ ਹੈ। ਮੀਟਿੰਗ ਵਿੱਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਂਬਾ, ਕਮਿਸ਼ਨਰ ਨਗਰ ਨਿਗਮ ਮੋਗਾ ਮਿਸ ਪੂਨਮ, ਸਿਵਲ ਸਰਜਨ ਮੋਗਾ ਡਾ. ਰਜੇਸ਼ ਅੱਤਰੀ ਵੀ ਮੌਜੂਦ ਸਨ। ਟੀਕਾਕਰਨ ਦੇ ਟੀਚਿਆਂ ਨੂੰ ਸਤ ਫੀਸਦੀ ਪੂਰਾ ਕਰਨ ਲਈ ਸਰਕਾਰ ਵੱਲੋਂ ਆਈ.ਐਮ.ਆਈ. (ਇਨਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0) ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਜਰੀਏ ਬੱਚਿਆਂ ਨੂੰ ਤਿੰਨ ਰਾਊਂਡਾਂ ਜਰੀਏ ਟੀਕਾਕਰਨ ਦਾ ਲਾਹਾ ਪਹੁੰਚਾਇਅ ਜਾਵੇਗਾ। ਪਹਿਲਾ ਰਾਊਂਡ 11 ਤੋਂ 16 ਸਤੰਬਰ, ਦੂਸਰਾ ਰਾਊਂਡ 9 ਤੋਂ 14 ਅਕਤੂਬਰ ਅਤੇ ਤੀਸਰਾ ਰਾਊਂਡ 20 ਤੋਂ 25 ਨਵੰਬਰ ਤੱਕ ਚਲਾਇਆ ਜਾਵੇਗਾ। ਇਨ੍ਹਾਂ ਤਿੰਨਾਂ ਰਾਊਂਡਾਂ ਜਰੀਏ ਹਾਈ ਰਿਸਕ ਏਰੀਆ ਵਾਲੇ ਬੱਚਿਆਂ ਜਿਵੇਂ ਕਿ ਸਲੱਮ ਏਰੀਆ, ਮਾਈਗ੍ਰੇਟਰੀ, ਭੱਠਿਆਂ ਦੇ ਮਜ਼ਦੂਰਾਂ ਦੇ ਬੱਚਿਆਂ ਆਦਿ ਤੱਕ ਪਹੁੰਚ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਪ੍ਰੋਗਰਮ ਨੂੰ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਟ੍ਰੇਨਿੰਗਾਂ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਸਮੂਹ ਹੈਲਥ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਆਈ.ਐਮ.ਆਈ. ਰਾਊਂਡ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਆਪਣੇ ਖੇਤਰ ਦੀਆਂ ਪੈਂਡਿੰਗ ਲਿਸਟਾਂ ਅਤੇ ਮਾਈਕਰੋ ਪਲਾਨ ਵੀ ਤਿਆਰ ਕਰਕੇ ਭੇਜਿਆ ਜਾਵੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਯੋਗ 95 ਫੀਸਦੀ ਬੱਚਿਆਂ ਨੂੰ ਖਸਰਾ ਅਤੇ ਰੁਬੇਲਾ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਬਾਕੀ ਰਹਿੰਦੀ ਪ੍ਰਤੀਸ਼ਤਾ ਨੂੰ ਪੂਰਾ ਕਰਨ ਲਈ ਮਿਸ਼ਨ ਇੰਦਰਧਨੁਸ਼ ਦਾ ਸਹਾਰਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੁਖਾਰ ਅਤੇ ਸਰੀਰ ਦੇ ਅੰਗਾਂ ਉੱਪਰ ਦਾਣੇ ਹੋਣਾ ਖਸਰਾ ਅਤੇ ਰੁਬੇਲਾ ਹੋਣ ਦੀਆਂ ਨਿਸ਼ਾਨੀਆਂ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਸਰਕਾਰ ਸਿੰਗਲ ਪਲੇਟਫਾਰਮ ਫਾਰ ਆਲ ਵੈਕਸੀਨੇਸ਼ਨ ਯੂ ਵਿਨ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਜਿਸ ਤਹਿਤ ਮੈਡੀਕਲ ਸਟਾਫ਼ ਨੂੰ ਟ੍ਰੇਨਿੰਗਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਹੜੀਆਂ ਕਿ ਥੋੜੇ ਦਿਨਾਂ ਦੇ ਅੰਦਰ ਅੰਦਰ ਪੂਰੀਆਂ ਹੋ ਜਾਣਗੀਆਂ। ਇਸ ਪ੍ਰੋਗਰਮਾ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਲਈ ਲੱਗਣ ਵਾਲੇ ਸਾਰੇ ਟੀਕਿਆਂ ਦਾ ਲਾਹਾ ਪਹੁੰਚਾਇਆ ਜਾਵੇਗਾ।