ਮਾਤਾ ਗੁਜਰੀ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ 100 ਘੰਟਿਆਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ

ਸ੍ਰੀ ਫ਼ਤਹਿਗੜ੍ਹ ਸਾਹਿਬ, 24 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਬਜਾਜ ਫਿਨਜ਼ਰਵ ਲਿਮਟਿਡ ਦੇ ਸਹਿਯੋਗ ਨਾਲ ਕਾਲਜ ਦੇ ਪੋਸਟ ਗ੍ਰੈਜੂਏਸ਼ਨ ਅਤੇ ਗ੍ਰੈਜੂਏਸ਼ਨ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ 100 ਘੰਟਿਆਂ ਦਾ ਸਰਟੀਫਿਕੇਟ ਪ੍ਰੋਗਰਾਮ ਇਨ ਬੈਂਕਿੰਗ, ਫਾਈਨਾਂਸ ਐਂਡ ਇੰਨਸ਼ੋਰੈਂਸ (ਸੀ.ਪੀ.ਬੀ.ਐੱਫ.ਆਈ.) ਸ਼ੁਰੂ ਕੀਤਾ ਗਿਆ ਜਿਸ ਵਿੱਚ ਬੀ.ਬੀ.ਏ., ਬੀ.ਵੋਕ. ਰੀਟੇਲ ਮੈਨੇਜਮੈਂਟ, ਐਮ.ਬੀ.ਏ. ਅਤੇ ਬੀ.ਏ. ਅਰਥ ਸ਼ਾਸਤਰ ਦੇ ਕੁੱਲ 42 ਵਿਦਿਆਰਥੀ ਕਲਾਸਰੂਮ ਅਤੇ ਆਨਲਾਈਨ ਸੈਸ਼ਨਾਂ ਰਾਹੀਂ ਅਗਲੇ 100 ਘੰਟਿਆਂ ਦੌਰਾਨ ਹਿੱਸਾ ਲੈਣਗੇ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਦੇ ਨਾਲ-ਨਾਲ ਜ਼ਰੂਰੀ ਤਕਨੀਕੀ ਹੁਨਰ ਪ੍ਰਦਾਨ ਕਰਨਾ ਹੈ ਜੋ ਉਨ੍ਹਾਂ ਲਈ ਭਵਿੱਖ ਵਿੱਚ ਲਾਭਕਾਰੀ ਸਿੱਧ ਹੋਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬਜਾਜ ਫਿਨਜ਼ਰਵ ਪ੍ਰੋਗਰਾਮ ਕੋਆਰਡੀਨੇਟਰ ਕਮਲਜੀਤ ਸਿੰਘ ਅਤੇ ਕਾਰਪੋਰੇਟ ਟ੍ਰੇਨਰ ਅਸ਼ਵਨੀ ਪੁਰੀ ਨੇ ਵਿਦਿਆਰਥੀਆਂ ਨਾਲ ਆਪਣਾ ਲੰਮਾ ਤਜਰਬਾ ਸਾਂਝਾ ਕਰਦਿਆਂ ਉਨ੍ਹਾਂ ਨੂੰ ਟੀਚਾ ਨਿਰਧਾਰਨ, ਇੰਟਰਵਿਊ ਤਕਨੀਕਾਂ, ਬੈਂਕਿੰਗ, ਵਿੱਤ ਅਤੇ ਬੀਮਾ ਆਦਿ ਨਾਲ ਸਬੰਧਤ ਤਕਨੀਕੀ ਗਿਆਨ ਬਾਰੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਸਾਂਝੀ ਕੀਤੀ ਗਈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਸੈਕਟਰਾਂ ਵੱਲੋਂ ਇਸ ਤਰ੍ਹਾਂ ਦੀ ਪ੍ਰੈਕਟੀਕਲ ਟਰੇਨਿੰਗ ਵਿਦਿਆਰਥੀਆਂ ਨੂੰ ਬੈਂਕਿੰਗ ਅਤੇ ਵਿੱਤ ਦੇ ਖੇਤਰ ਵਿਹਾਰਕ ਅਤੇ ਵਿਵਹਾਰਕ ਗਿਆਨ ਨੂੰ ਵਧਾਉਣ ਵਿੱਚ ਬਹੁਤ ਸਹਾਇਕ ਸਿੱਧ ਹੁੰਦੀ ਹੈ। ਕਾਲਜ ਦੇ ਡੀਨ ਪਲੇਸਮੈਂਟ ਡਾ. ਜਗਦੀਸ਼ ਸਿੰਘ ਨੇ ਪ੍ਰੋਗਰਾਮ ਦੀ ਸਫ਼ਲ ਸ਼ੁਰੂਆਤ ਲਈ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਅਤੇ ਅਰਥ ਸ਼ਾਸਤਰ ਵਿਭਾਗ ਨੂੰ ਵਧਾਈ ਦਿੱਤੀ ਅਤੇ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਦਾ ਵਿਦਿਆਰਥੀਆਂ ਨੂੰ ਸਹੀ ਕਰੀਅਰ ਦੀ ਚੋਣ ਕਰਨ ਅਤੇ ਯੋਗ ਅਗਵਾਈ ਦੇਣ 'ਤੇ ਵਿਸ਼ੇਸ਼ ਤੌਰ 'ਤੇ ਪ੍ਰਸੰਸਾ ਕੀਤੀ। ਕਾਲਜ ਦੇ ਪਲੇਸਮੈਂਟ ਅਫ਼ਸਰ ਡਾ. ਸੌਰਵ ਸ਼ਰਮਾ ਨੇ ਕਾਲਜ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਬਜਾਜ ਫਿਨਜ਼ਰਵ ਦੇ ਨੁਮਾਇੰਦਿਆਂ ਸ਼੍ਰੀ ਅਸ਼ਵਨੀ ਪੁਰੀ, ਸ੍ਰ. ਕਮਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।