- ਐਸ.ਐਮ.ਓ. ਡਾ. ਅਲਕਜੋਤ ਕੌਰ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਆਖਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਜੂਨ : ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਪਿੰਡ ਸੈਣੀ ਮਾਜਰਾ ਵਿਖੇ ਮਲੇਰੀਆ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਅਲਕਜੋਤ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਜੂਨ ਮਹੀਨੇ ਨੂੰ ਮਲੇਰੀਆ-ਵਿਰੋਧੀ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਇਹ ਰੈਲੀ ਕੱਢੀ ਗਈ। ਉਨ੍ਹਾਂ ਕਿਹਾ ਕਿ ਮਲੇਰੀਆ ਗੰਭੀਰ ਕਿਸਮ ਦਾ ਬੁਖਾਰ ਹੈ ਜੋ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਬੁਖ਼ਾਰ ਫੈਲਾਉਣ ਵਾਲਾ ਮੱਛਰ ਬਰਸਾਤ ਦੇ ਮੌਸਮ ਵਿਚ ਵਧਦਾ-ਫੁਲਦਾ ਹੈ। ਉਨ੍ਹਾਂ ਦਸਿਆ ਕਿ ਠੰਢ ਅਤੇ ਕਾਂਬੇ ਨਾਲ ਰੋਜ਼ਾਨਾ ਜਾਂ ਤੀਜੇ ਦਿਨ ਬੁਖ਼ਾਰ ਹੋਣਾ, ਉਲਟੀਆਂ ਤੇ ਸਿਰਦਰਦ ਹੋਣਾ, ਬੁਖ਼ਾਰ ਉਤਰਨ ਮਗਰੋਂ ਥਕਾਵਟ ਤੇ ਕਮਜ਼ੋਰੀ ਹੋਣਾ, ਬੁਖ਼ਾਰ ਉਤਰਨ ’ਤੇ ਸਰੀਰ ਦਾ ਪਸੀਨੋ-ਪਸੀਨੀ ਹੋਣਾ ਆਦਿ ਮਲੇਰੀਆ ਦੇ ਮੁੱਖ ਲੱਛਣ ਹਨ। ਖ਼ੂਨ ਦੀ ਜਾਂਚ ਕਰਵਾਉਣ ’ਤੇ ਮਲੇਰੀਆ ਹੋਣ ਜਾਂ ਨਾ ਹੋਣ ਬਾਰੇ ਪਤਾ ਲੱਗ ਜਾਂਦਾ ਹੈ। ਜੇ ਮਲੇਰੀਆ ਨਿਕਲਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਦਸਿਆ ਕਿ ਪਾਣੀ ਕਿਸੇ ਵੀ ਥਾਂ ਇਕੱਠਾ ਨਾ ਹੋਣ ਦਿਤਾ ਜਾਵੇ। ਇਕੱਠੇ ਹੋਏ ਪਾਣੀ ਵਿਚ ਕਾਲਾ ਤੇਲ ਪਾਇਆ ਜਾਵੇ ਅਤੇ ਛੱਤ ’ਤੇ ਲੱਗੀਆਂ ਪਾਣੀ ਟੈਂਕੀਆਂ ਨੂੰ ਢੱਕ ਕੇ ਰਖਿਆ ਜਾਵੇ। ਅਜਿਹੇ ਕਪੜੇ ਪਾਓ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਕਿ ਮੱਛਰ ਨਾ ਕੱਟੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕਰੋ। ਡਾ. ਅਲਕਜੋਤ ਕੌਰ ਨੇ ਆਖਿਆ ਕਿ ਸੂਬੇ ਨੂੰ ਮਲੇਰੀਆ ਦੀ ਬੀਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਉਹ ਨਿਰੰਤਰ ਸਰਗਰਮ ਹਨ ਜਿਸ ਲਈ ਲੋਕਾਂ ਨੂੰ ਵੀ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਬੁਖ਼ਾਰ ਦੇ ਲੱਛਣ ਦਿਸਣ ’ਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਸਿਹਤ ਸੰਸਥਾਵਾਂ ਵਿਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਰੈਲੀ ਵਿਚ ਹੈਲਥ ਸੁਪਰਵਾਇਜ਼ਰ ਗੁਰਤੇਜ ਸਿੰਘ, ਭੁਪਿੰਦਰ ਸਿੰਘ, ਸੀ.ਐਚ.ਓ. ਸਾਕਸ਼ੀ, ਹੈਲਥ ਵਰਕਰ ਤੇ ਆਸ਼ਾ ਵਰਕਰ ਮੌਜੂਦ ਸਨ।