ਪੰਜਾਬ ਦੀ ਤਰੱਕੀ ਤੇ ਵਿਕਾਸ ਵਿੱਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ : ਕੁਲਤਾਰ ਸਿੰਘ ਸੰਧਵਾਂ

  • ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਟਹਿਣਾ ਵਿਖੇ ਸਕੂਲ ਦੀ ਕੰਪਿਊਟਰ ਲੈਬ ਅਤੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

ਫਰੀਦਕੋਟ, 12 ਮਾਰਚ 2025 : ਪੰਜਾਬ ਦੀ ਤਰੱਕੀ ਤੇ ਵਿਕਾਸ ਵਿੱਚ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਵਿਦੇਸਾਂ ਵਿੱਚ ਹੱਥ ਭੰਨਵੀਂ ਮਿਹਨਤ ਕਰਕੇ ਵੀ ਆਪਣੇ ਸੂਬੇ ਦੇ  ਵਿਕਾਸ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਹਲਕੇ ਕੋਟਕਪੂਰਾ ਦੇ ਪਿੰਡ ਟਹਿਣਾ ਵਿਖੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਆਧੁਨਿਕ ਕੰਪਿਊਟਰ ਲੈਬ ਅਤੇ ਪਿੰਡ ਦੀ ਜਮੀਨ ਤੇ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਇਸ ਮੌਕੇ ਪਿੰਡ ਨਾਲ ਸਬੰਧਤ ਪ੍ਰਵਾਸੀ ਪੰਜਾਬੀ ਸ. ਗੁਰਦੀਪ ਸਿੰਘ ਬਰਾੜ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪਿੰਡ ਨਾਲ ਸਬੰਧਤ ਪ੍ਰਵਾਸੀ ਪੰਜਾਬੀ ਸ. ਗੁਰਦੀਪ ਸਿੰਘ ਬਰਾੜ ਜੋ ਕਿ ਅਮਰੀਕ ਵਿਖੇ ਰਹਿੰਦੇ ਹਨ, ਨੇ ਆਪਣੇ ਪਿਤਾ ਸ. ਕਰਤਾਰ ਸਿੰਘ ਭਗਤ, ਮਾਤਾ ਸੰਤ ਕੌਰ ਦੀ ਯਾਦ ਵਿੱਚ ਪਿੰਡ ਦੇ ਸਕੂਲ ਵਿੱਚ ਆਧੁਨਿਕ ਕੰਪਿਊਟਰ ਲੈਬ ਅਤੇ ਖੇਡ ਸਟੇਡੀਅਮ ਲਈ ਖੁੱਲ੍ਹ ਕੇ ਵਿੱਤੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਨਸ਼ੇ ਤੇ ਨਸ਼ੇ ਦੇ ਸੁਦਾਗਰਾਂ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚੇ ਖੇਡਾਂ ਵੱਲ ਧਿਆਨ ਦੇਣਗੇ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਸਿਹਤ ਤੇ ਸਿਹਤਮੰਦ ਮਨ ਦੇ ਮਾਲਕ ਬਣਨਗੇ। ਉਨ੍ਹਾਂ ਕਿਹਾ ਖੇਡਾਂ ਸਾਨੂੰ ਜਿੱਤ ਦੀ ਖੁਸ਼ੀ ਤੇ ਹੋਰਨਾਂ ਨੂੰ ਪ੍ਰਸੰਨ ਕਰਨਾ ਸਿਖਾਉਂਦੀਆਂ ਹਨ। ਉਨ੍ਹਾਂ ਪ੍ਰਵਾਸੀ ਪੰਜਾਬੀ ਸ. ਗੁਰਦੀਪ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਆਪਣੇ ਪਿੰਡਾਂ, ਸ਼ਹਿਰਾਂ ਦੇ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਲੈਣ ਤਾਂ ਜੋ ਉਹ ਆਪਣੀਆਂ ਜੜ੍ਹਾਂ ਨਾਲ ਜੁੜ੍ਹੇ ਰਹਿਣ। ਇਸ ਮੌਕੇ ਸ. ਗੁਰਦੀਪ ਸਿੰਘ ਬਰਾੜ ਨੇ ਕਿਹਾ ਕਿ ਉਹ ਆਪਣੇ ਜੱਦੀ ਪਿੰਡ ਟਹਿਣਾ ਦਾ ਹੋਰ ਵਿਕਾਸ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਉਹ ਆਪਣੇ ਪਿਤਾ ਸ. ਕਰਤਾਰ ਸਿੰਘ ਭਗਤ, ਮਾਤਾ ਸੰਤ ਕੌਰ ਦੀ ਯਾਦ ਵਿੱਚ ਖੇਡ ਸਟੇਡੀਅਮ ਅਤੇ ਸਕੂਲ ਵਿੱਚ ਆਧੁਨਿਕ ਕੰਪਿਊਟਰ ਲੈਬ ਬਣਾਉਣ ਦਾ ਫੈਸਲਾ ਕੀਤਾ ਤਾਂ ਜੋ ਪਿੰਡ ਦੇ ਬੱਚੇ ਖੇਡਾਂ ਖੇਡ ਕੇ ਤੰਦਰੁਸਤ ਜੀਵਨ ਜਿਊਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੱਚਿਆ ਦੀ ਸੁਨਿਹਰੀ ਭਵਿੱਖ ਲਈ ਸਕੂਲ ਦੀ ਕੰਪਿਊਟਰ ਲੈਬ ਲਈ 25 ਕੰਪਿਊਟਰ ਅਤੇ ਪ੍ਰਿੰਟਰ ਦਿੱਤੇ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਮੈਡਮ ਨੀਲਮ ਰਾਣੀ, ਬੀ.ਡੀ.ਪੀ.ਓ ਸ. ਸਰਬਜੀਤ ਸਿੰਘ, ਸੁਪਰਡੈਂਟ ਜਿਲ੍ਹਾ ਪ੍ਰੀਸ਼ਦ ਮਨਪ੍ਰੀਤ ਸਿੰਘ, ਪ੍ਰਿੰਸੀਪਲ ਸ੍ਰੀਮਤੀ ਸਰਬਜੀਤ ਕੌਰ, ਚੇਅਰਮੈਨ ਸ੍ਰੀ ਜਲੰਧਰ ਸਿੰਘ, ਸਰਪੰਚ ਸ. ਰਣਜੀਤ ਸਿੰਘ, ਸ. ਜਗਦੇਵ ਸਿੰਘ, ਸ. ਸੋਹਨ ਸਿੰਘ ਸਾਰੇ ਸਰਪੰਚ, ਸ. ਗੁਰਮੀਤ ਗਿੱਲ ਧੂੜਕੋਟ, ਲਖਵੀਰ ਸਿੰਘ, ਗੁਰਜੀਤ ਸਿੰਘ, ਸੰਜੀਵ ਕੁਮਾਰ, ਸ੍ਰੀਮਤੀ ਸੀਮਾ ਰਾਣੀ, ਪ੍ਰੋਮਿਲਾ ਰਾਣੀ, ਰੁਪਿੰਦਰ ਕੌਰ, ਕਵਨਦੀਪ ਕੌਰ, ਸਿਮਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਮੋਹਤਬਰ ਹਾਜ਼ਰ ਸਨ।