- ਅਚਨੇਚਤੀ ਸੰਕਟ ਦੀ ਸਥਿਤੀ ’ਚ ਸਾਰੇ ਵਿਭਾਗ ਆਪਣੀ ਭੂਮਿਕਾ ਤੋਂ ਜਾਣੂ ਹੋਣ : ਡਿਪਟੀ ਕਮਿਸ਼ਨਰ
ਬਰਨਾਲਾ, 8 ਸਤੰਬਰ : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਅੱਜ ਟਰਾਈਡੈਂਟ ਕੰਪਨੀ ਪਿੰਡ ਧੌਲਾ ਵਿਖੇ ਆਪਦਾ ਪ੍ਰਬੰਧਨ ਸਬੰਧੀ ਮੌਕ ਡਰਿੱਲ ਕਰਵਾਈ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਕ ਡਰਿੱਲ ਕਰਵਾਉਣ ਦਾ ਮੁੱਖ ਮੰਤਵ ਹੈ ਕਿ ਹਰ ਇਕ ਵਿਭਾਗ ਨੂੰ ਆਪਦਾ ਸਮੇਂ ਆਪਣੀ ਜ਼ਿੰਮੇਵਾਰੀ ਬਾਰੇ ਜਾਣੂ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸਨਅਤੀ, ਤੇਜ਼ਾਬੀ ਦੁਖਾਂਤ ਜਾਂ ਹੋਰ ਅਚਨਚੇਤੀ ਸੰਕਟ ਦੀ ਸਥਿਤੀ ਵਿਚ ਸਾਰੇ ਵਿਭਾਗਾਂ ਦਾ ਆਪਣੀ ਭੂਮਿਕਾ, ਜ਼ਿੰਮੇਵਾਰੀ ਤੇ ਕਾਰਜਪ੍ਰਣਾਲੀ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਅਜਿਹੀ ਕਿਸੇ ਵੀ ਸਥਿਤੀ ਦਾ ਸਫਲਤਾਪੂਰਬਕ ਟਾਕਰਾ ਕੀਤਾ ਜਾ ਸਕੇ। ਮੌਕ ਡਰਿੱਲ ਦਾ ਮਕਸਦ ਸਕੰਟ ਪ੍ਰਬੰਧਨ ਪ੍ਰਣਾਲੀ ’ਚ ਹੋਰ ਸੁਧਾਰ ਕਰਨਾ ਸੀ। ਇਸ ਲਈ ਸਾਰੇ ਵਿਭਾਗ ਆਪਣੀ ਕਾਰਜਪ੍ਰਣਾਲੀ ’ਚ ਹੋਰ ਸੁਧਾਰ ਲਿਆਉਣ। ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਮੌਕ ਡਰਿੱਲ ਦੇ ਨੋਡਲ ਅਫਸਰ ਡਿਪਟੀ ਡਾਇਰੈਕਟਰ ਫੈਕ੍ਟਰੀਜ਼ ਸਾਹਿਲ ਗੋਇਲ ਨੇ ਦੱਸਿਆ ਕਿ ਟਰਾਈਡੈਂਟ ਦੇ ਕਲੋਰੀਨ ਪਲਾਂਟ ਵਿਖੇ ਮੌਕ ਡਰਿੱਲ ਕੀਤੀ ਗਈ। ਉਨ੍ਹਾਂ ਕਿਹਾ ਇਸ ਪਲਾਂਟ ਵਿੱਚ ਗੈਸ ਲੀਕ ਸਬੰਧੀ ਮੌਕ ਡਰਿੱਲ ਕੀਤੀ ਗਈ । ਕੁਦਰਤੀ ਆਫਤਾਂ ਦੇ ਨਾਲ ਨਾਲ ਕਈ ਵਾਰ ਸਨਅਤਾਂ, ਫੈਕਟਰੀਆਂ ਜਾਂ ਹੋਰ ਥਾਵਾਂ ’ਤੇ ਗੈਸਾਂ ਜਾਂ ਹੋਰ ਕਾਰਨਾਂ ਕਰ ਕੇ ਦੁਖਾਂਤ ਵਾਪਰ ਜਾਂਦੇ ਹਨ। ਜਿੱੱਥੇ ਅਜਿਹੇ ਦੁਖਾਤਾਂ ਤੋਂ ਸੁਰੱਖਿਅਤ ਰਹਿਣ ਲਈ ਜਿੱਥੇ ਪ੍ਰਬੰਧ ਕੀਤੇ ਜਾਂਦੇ ਹਨ, ਉਥੇ ਜੇਕਰ ਨਾ ਚਾਹੁੰਦੇ ਹੋਏ ਵੀ ਅਜਿਹੀ ਸਥਿਤੀ ਆ ਜਾਵੇ ਤਾਂ ਸਾਰੇ ਵਿਭਾਗਾਂ ਨੂੰ ਆਪਣੀ ਭੂਮਿਕਾ ਦਾ ਬਾਖੂਬੀ ਪਤਾ ਹੋਣਾ ਚਾਹੀਦਾ ਹੈ। ਇਸ ਮੌਕੇ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ਬੁਝਾਉਣ ਦਾ ਕੰਮ, ਸਿਹਤ ਵਿਭਾਗ ਨੇ ਫੱਟੜ ਹੋਏ ਲੋਕਾਂ ਨੂੰ ਸਿਹਤ ਸੁਵਿਧਾ ਦੇਣ ਦਾ ਕੰਮ, ਪੁਲਸ ਨੇ ਮੌਕੇ 'ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ ਦਾ ਕੰਮ, ਖੇਤੀਬਾੜੀ ਵਿਭਾਗ ਨੇ ਆਸ ਪਾਸ ਦੇ ਲੋਕਾਂ ਨੂੰ ਸੰਭਾਲਣ ਦਾ ਕੰਮ, ਲੋਕ ਸੰਪਰਕ ਵਿਭਾਗ ਨੇ ਲੋਕਾਂ ਨੂੰ ਸੂਚਨਾ ਦੇਣ ਦਾ ਕੰਮ ਅਤੇ ਹੋਰ ਵਿਭਾਗਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਅਨੁਸਾਰ ਕੰਮ ਕੀਤਾ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ, ਟ੍ਰਾਈਡੈਂਟ ਤੋਂ ਰੁਪਿੰਦਰ ਗੁਪਤਾ, ਆਈ ਓ ਐੱਲ ਤੋਂ ਦੇਵੇੰਦਰ ਅਤੇ ਤਰੁਣ, ਸਿਹਤ ਵਿਭਾਗ ਤੋਂ ਪਰਵੇਸ਼ ਅਤੇ ਟੀਮ, ਪੁਲਿਸ ਵਿਭਾਗ ਤੋਂ ਏ. ਐੱਸ. ਆਈ ਅੰਮ੍ਰਿਤਪਾਲ ਸਿੰਘ, ਫਾਇਰ ਅਫਸਰ ਜਸਪ੍ਰੀਤ ਸਿੰਘ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।