ਮਾਛੀਵਾੜਾ ਸਾਹਿਬ, 2 ਸਤੰਬਰ : ਪਿੰਡ ਪੰਜਗਰਾਈਆਂ ਵਿਖੇ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਨੇ ਕਲਾਸ ਰੂਮ 'ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਅਧਿਆਪਕਾ ਦੀ ਪਛਾਣ ਸਿਮਰਨਜੀਤ ਕੌਰ ਵਜੋਂ ਹੋਈ ਹੈ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗਣਾ ਬਾਕੀ ਹੈ। ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅੱਜ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸਕੂਲ ਅਧਿਆਪਕਾ ਸਿਮਰਨਜੀਤ ਕੌਰ (22) ਵਾਸੀ ਟਾਂਡਾ ਕੁਸ਼ਲ ਸਿੰਘ ਨੇ ਕਲਾਸਰੂਮ ਵਿਚ ਹੀ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਲੜਕੀ ਦੇ ਪਿਤਾ ਮੋਹਣ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਈ.ਟੀ.ਟੀ. ਦਾ ਕੋਰਸ ਕੀਤਾ ਹੋਇਆ ਸੀ ਅਤੇ ਉਹ ਪਿਛਲੇ 1 ਸਾਲ ਤੋਂ ਨੇੜਲੇ ਪਿੰਡ ਪੰਜਗਰਾਈਆਂ ਵਿਖੇ ਸਰਕਾਰੀ ਸਕੂਲ ਵਿਚ ਪ੍ਰਾਈਵੇਟ ਤੌਰ ’ਤੇ ਅਧਿਆਪਕਾ ਵਜੋਂ ਡਿਊਟੀ ਨਿਭਾ ਰਹੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਬਹੁਤ ਹੋਣਹਾਰ ਸੀ ਜੋ ਕਿ ਨਾਲ-ਨਾਲ ਬੀ.ਏ. ਦੀ ਪੜ੍ਹਾਈ ਵੀ ਕਰ ਰਹੀ ਸੀ ਪਰ ਅਚਾਨਕ ਉਸਨੇ ਆਤਮ-ਹੱਤਿਆ ਵਰਗਾ ਕਦਮ ਕਿਉਂ ਚੁੱਕਿਆ ਉਸ ਤੋਂ ਬੜੇ ਹੈਰਾਨ ਹਨ। ਜਾਣਕਾਰੀ ਅਨੁਸਾਰ ਪੰਜਗਰਾਈਆਂ ਸਕੂਲ ਵਿਚ 2 ਵਜੇ ਛੁੱਟੀ ਹੋਈ ਅਤੇ ਬੱਚੇ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਇਸ ਦੌਰਾਨ ਖਾਲੀ ਹੋਏ ਕਲਾਸਰੂਮ ਵਿਚ ਅਧਿਆਪਕਾ ਸਿਮਰਨਜੀਤ ਕੌਰ ਗਈ ਜਿਸ ਨੇ ਆਪਣੇ ਚੁੰਨੀ ਨਾਲ ਛੱਤ ’ਤੇ ਲੱਗੇ ਪੱਖੇ ਨਾਲ ਗਲ ਫਾਹਾ ਬਣਾ ਕੇ ਆਤਮ-ਹੱਤਿਆ ਕਰ ਲਈ। ਸਕੂਲ ਵਿਚ ਬੱਚਿਆਂ ਨੂੰ ਲੈਣ ਆਏ ਇੱਕ ਵਿਅਕਤੀ ਨੇ ਜਦੋਂ ਕਲਾਸਰੂਮ ਵਿਚ ਸਿਮਰਨਜੀਤ ਕੌਰ ਨੂੰ ਪੱਖੇ ਨਾਲ ਲਟਕਦੇ ਦੇਖਿਆ ਤਾਂ ਉਸਨੇ ਤੁਰੰਤ ਰੌਲਾ ਪਾਇਆ ਤਾਂ ਇਸ ਦੌਰਾਨ ਸਕੂਲ ਵਿਚ ਮੌਜੂਦ ਪ੍ਰਿੰਸੀਪਲ ਅਤੇ ਹੋਰ ਸਟਾਫ਼ ਵੀ ਭੱਜੇ ਆਏ ਜਿਨ੍ਹਾਂ ਨੇ ਅਧਿਆਪਕਾ ਨੂੰ ਗਲ ਫਾਹੇ ਤੋਂ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਮਰਾਲਾ ਜਸਪਿੰਦਰ ਸਿੰਘ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਪਰ ਅਜੇ ਤੱਕ ਅਧਿਆਪਕਾ ਵਲੋਂ ਆਤਮ-ਹੱਤਿਆ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਪੁਲਸ ਵਲੋਂ ਮ੍ਰਿਤਕ ਅਧਿਆਪਕਾ ਦਾ ਮੋਬਾਇਲ ਆਪਣੇ ਕਬਜ਼ੇ ’ਚ ਲੈ ਲਿਆ ਹੈ ਜਿਸ ਤੋਂ ਕੁਝ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ਕਿ ਉਸਨੇ ਆਤਮ-ਹੱਤਿਆ ਕਿਉਂ ਕੀਤੀ। ਫਿਲਹਾਲ ਪੁਲਸ ਵਲੋਂ ਲਾਸ਼ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤੀ ਹੈ ਅਤੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।