- ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਨਸ਼ੀਲਾ ਪਦਾਰਥ ਲਿਆ ਪੰਜਾਬ ਵਿਚ ਤਿੰਨ ਗੁਣਾ ਵੱਧ ਰੇਟ ’ਤੇ ਕਰਦਾ ਸੀ ਸਪਲਾਈ
ਮਾਛੀਵਾੜਾ ਸਾਹਿਬ, 14 ਜੁਲਾਈ : ਪੁਲਿਸ ਜਿਲਾ ਖੰਨਾ ਅਧੀਨ ਸ੍ਰੀ ਮਾਛੀਵਾੜਾ ਸਾਹਿਬ ਪੁਲਸ ਵਲੋਂ 71 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਟਰੱਕ ਮਾਲਕ ਸਿਮਰਨਜੀਤ ਸਿੰਘ ਵਾਸੀ ਮਾਛੀਵਾੜਾ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਸਮਰਾਲਾ ਦੇ ਡੀਐੱਸਪੀ ਵਰਿਆਮ ਸਿੰਘ ਦੱਸਿਆ ਕਿ ਸਬ-ਇੰਸਪੈਕਟਰ ਸੰਤੋਖ ਸਿੰਘ ਨੂੰ ਜਾਣਕਾਰੀ ਮਿਲੀ ਕਿ ਮਾਛੀਵਾਡ਼ਾ ਦਾ ਵਾਸੀ ਸਿਮਰਨਜੀਤ ਸਿੰਘ ਉਰਫ਼ ਕਾਕਾ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਭੁੱਕੀ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ’ਤੇ ਵੇਚਣ ਦਾ ਆਦੀ ਹੈ। ਪੁਲਸ ਵਲੋਂ ਤੁਰੰਤ ਇਸ ਵਿਅਕਤੀ ਦੇ ਘਰ ’ਤੇ ਛਾਪੇਮਾਰੀ ਕੀਤੀ ਗਈ ਜਿਸ ਤੋਂ ਇੱਕ ਬੋਰੀ ਭੁੱਕੀ ਦੀ ਬਰਾਮਦ ਹੋਈ। ਇਸ ਤੋਂ ਇਲਾਵਾ ਇੱਕ ਬੋਰੀ ਇਸਦੇ ਟਰੱਕ ’ਚੋਂ ਬਰਾਮਦ ਕੀਤੀ ਗਈ। ਡੀਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਸਿਮਰਨਜੀਤ ਸਿੰਘ ਦਾ ਟਰੱਕ ਹੈ ਜੋ ਕਿ ਬਾਹਰਲੇ ਸੂਬਿਆਂ ਤੋਂ ਸਮਾਨ ਦੀ ਢੋਆ-ਢੁਆਈ ਦੇ ਨਾਲ ਉੱਥੋਂ ਸਸਤੇ ਭਾਅ ’ਤੇ ਭੁੱਕੀ ਲਿਆ ਕੇ ਪੰਜਾਬ ਵਿਚ ਤਿੰਨ ਗੁਣਾ ਵੱਧ ਰੇਟ ’ਤੇ ਅੱਗੇ ਸਪਲਾਈ ਕਰਦਾ ਸੀ। ਪੁਲਸ ਅਧਿਕਾਰੀ ਅਨੁਸਾਰ ਇਹ ਪਿਛਲੇ 2 ਸਾਲ ਤੋਂ ਟਰਾਂਸਪੋਰਟ ਦੀ ਆਡ਼੍ਹ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨੇ ਇਹ ਤਸਕਰੀ ਕਰ ਕਿੰਨੀ ਡਰੱਗ ਮਨੀ ਇਕੱਠੀ ਕੀਤੀ। ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਟਰੱਕ ਮਾਲਕ ਦੇ ਬੈਂਕ ਖਾਤਿਆਂ ਤੇ ਪ੍ਰਾਪਰਟੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਤਸਕਰੀ ਕਰ ਡਰੱਗ ਮਨੀ ਇਕੱਠੀ ਕੀਤੀ ਹੋਵੇਗੀ ਉਸ ਨੂੰ ਅਟੈਚ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟਰੱਕ ਮਾਲਕ ਭੁੱਕੀ ਮਾਛੀਵਾਡ਼ਾ ਤੋਂ ਇਲਾਵਾ ਰੋਪਡ਼, ਨਵਾਂਸ਼ਹਿਰ ਵਿਚ ਵੀ ਸਪਲਾਈ ਕਰਦਾ ਸੀ ਅਤੇ ਪੁਲਸ ਵਲੋਂ ਉਨ੍ਹਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਟਰੱਕ ਮਾਲਕ ਰਾਂਚੀ ਤੋਂ ਭੁੱਕੀ ਲਿਆ ਕੇ ਮਾਛੀਵਾਡ਼ਾ ਇਲਾਕੇ ਵਿਚ ਵੇਚਦਾ ਸੀ। ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰੀ ਦਾ ਕਥਿਤ ਦੋਸ਼ੀ ਸਿਮਰਨਜੀਤ ਸਿੰਘ ਦਿਨਾਂ ਵਿਚ ਅਮੀਰ ਬਣਨਾ ਚਾਹੁੰਦਾ ਸੀ ਜਿਸ ਕਾਰਨ ਇਹ ਹਰੇਕ ਮਹੀਨੇ ਬਾਹਰਲੇ ਸੂਬੇ ਰਾਂਚੀ ਜਾ ਕੇ ਸਸਤੇ ਭਾਅ ਭੁੱਕੀ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਵਿਚ ਇਸ ਦਾ ਕੋਈ ਪਰਿਵਾਰਕ ਮੈਂਬਰ ਸ਼ਾਮਲ ਹੈ ਜਾਂ ਨਹੀਂ ਉਸਦੀ ਜਾਂਚ ਵੀ ਕੀਤੀ ਜਾ ਰਹੀ ਹੈ।