ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਸ੍ਰੀਮਤੀ ਰਾਜਿੰਦਰ ਪਾਲ ਕੌਰ ਛੀਨਾ ਨੇ ਲੁਧਿਆਣਾ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਟੈਕਸੀ ਚਾਲਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਸਬੰਧਤ ਵਿਭਾਗਾਂ ਨਾਲ ਰਾਬਤਾ ਕਰਕੇ ਅਵੈਧ ਟੈਕਸੀ ਚਾਲਕਾਂ 'ਤੇ ਬਣਦੀ ਕਾਰਵਾਈ ਕਰਵਾਉਣਗੇ ਅਤੇ ਲੁਧਿਆਣਾ ਸ਼ਹਿਰ ਦੀ ਜਨਤਾ ਨਾਲ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲੁਧਿਆਣਾ ਟੈਕਸੀ ਯੂਨੀਅਨ (ਐਲ.ਟੀ.ਯੂ.) ਦੇ ਪ੍ਰਧਾਨ ਵਿਪਨ ਅਰੋੜਾ ਵਲੋਂ ਆਪਣੇ ਸਾਥੀਆਂ ਦੇ ਨਾਲ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੂੰ ਮੰਗ ਪੱਤਰ ਸੌਂਪਿਆਂ ਗਿਆ ਜਿਸਦੇ ਰਾਹੀਂ ਉਨ੍ਹਾਂ ਲੁਧਿਆਣਾ ਵਿੱਚ ਚੱਲ ਰਹੀਆਂ ਅਵੈਧ ਟੈਕਸੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਬਗੈਰ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਏ ਪ੍ਰਾਈਵੇਟ ਗੱਡੀਆਂ ਟੈਕਸੀ ਵਜੋਂ ਵਰਤੀਆਂ ਜਾ ਰਹੀਆਂ ਹਨ ਜਿਸ ਨਾਲ ਜਿੱਥੇ ਸਰਕਾਰ ਦੇ ਮਾਲੀਏ ਨੂੰ ਖੌਰਾ ਲੱਗ ਰਿਹਾ ਹੈ ਉੱਥੇ ਹੀ ਸਫਰ ਕਰਨ ਵਾਲੇ ਵਿਅਕਤੀ ਵੀ ਆਵਾਜਾਈ ਦੌਰਾਨ ਖੱਜਲ ਖੁਆਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਆਨਲਾਈਨ ਟੈਕਸੀ ਬੁਕਿੰਗ ਕੰਪਨੀਆਂ ਵਲੋਂ ਵੀ ਪ੍ਰਾਈਵੇਟ ਗੱਡੀਆਂ ਅਟੈਚ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਲੁਧਿਆਣਾ ਵਿੱਚ ਕੋਈ ਵੀ ਦਫ਼ਤਰ ਮੌਜੂਦ ਨਹੀਂ ਹੈ। ਇਨ੍ਹਾਂ ਗੱਡੀਆਂ 'ਤੇ ਵੀ ਟ੍ਰਾਂਸਪੋਰਟ ਵਿਭਾਗ ਨੂੰ ਆਪਣੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।