ਲੁਧਿਆਣਾ : 03 ਮਈ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰੋ. ਮੋਹਨ ਸਿੰਘ ਯਾਦਗਾਰੀ ਸਮਾਰੋਹ ਦਾ ਆਯੋਜਨ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੇ ਆਰੰਭ ਵਿਚ ਪ੍ਰੋ. ਮੋਹਨ ਸਿੰਘ ਜੀ ਦੀ ਤਸਵੀਰ ਅੱਗੇ ਫੁੱਲ ਅਰਪਿਤ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇਸ ਤੋਂ ਪਹਿਲਾਂ ਪੰਜਾਬੀ ਨਾਵਲਕਾਰ ਬੂਟਾ ਸਿੰਘ ਸ਼ਾਦ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਯਾਦਗਾਰੀ ਭਾਸ਼ਨ ਦਿੰਦਿਆਂ ਦਸਿਆ ਕਿ ਪ੍ਰੋ. ਮੋਹਨ ਸਿੰਘ ਕਲਮ ਦੇ ਸੂਰਮੇ, ਯੁੱਗ ਕਵੀ ਤੇ ਵੱਡੇ ਸ਼ਾਇਰ ਸਨ। ਉਹ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੱਤ ਸਾਲ ਜਨਰਲ ਸਕੱਤਰ ਰਹੇ। ਪੰਜਾਬੀ ਭਵਨ ਦੀ ਉਸਾਰੀ ਉਨ੍ਹਾਂ ਦੀ ਦੇਖ ਰੇਖ ’ਚ ਹੋਈ ਸੀ।ਉਨ੍ਹਾਂ ਦਸਿਆ ਪ੍ਰੋ. ਮੋਹਨ ਸਿੰਘ ਦਾ ਬਚਪਨ ਵੀ ਲੁਧਿਆਣੇ ਵਿਚ ਬੀਤਿਆ ਤੇ ਅਖ਼ੀਰੀ ਸਮਾਂ ਵੀ ਲੁਧਿਆਣਾ ਵਿਚ ਆਇਆ। ਉਸ ਸਮੇਂ ਪ੍ਰੋ. ਮੋਹਨ ਸਿੰਘ ਪਹਿਲੇ ਲੇਖਕ ਸਨ ਜਿਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅਲਵਿਦਾ ਕਿਹਾ ਗਿਆ। ਪ੍ਰੋ. ਮੋਹਨ ਸਿੰਘ ਦੀ ਸ਼ਾਇਰੀ ਦੀ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਸ਼ਾਇਰੀ ਫੁਲਕਾਰੀ ਵਰਗੀ ਸੀ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰੋ. ਮੋਹਨ ਸਿੰਘ ਦੇ ਜੀਵਨ ਅਤੇ ਸ਼ਾਇਰੀ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਉਨ੍ਹਾਂ ਪੰਜਾਬੀ ਜਨ ਸੰਵੇਦਨਾ ਨੂੰ ਲੋਕ ਆਵਾਜ਼ ਦਿੰਦਿਆਂ ਪੰਜਾਬੀ ਜਨ ਜੀਵਨ ਤੇ ਸਭਿਆਚਾਰ ਨੂੰ ਉਜਾਗਰ ਕੀਤਾ। ਉਨ੍ਹਾਂ ਦਸਿਆ ਕਿ ਪ੍ਰੋ. ਮੋਹਨ ਸਿੰਘ ਦੀ ਕਵਿਤਾ ਸ਼ਿੰਗਾਰ ਰਸ ਤੇ ਵੈਰਾਗ ਰਸ ਦਾ ਸੁਮੇਲ ਹੈ। ਅਜੋਕੇ ਸਮੇਂ ਵਿਚ ਪ੍ਰੋ. ਮੋਹਨ ਸਿੰਘ ਨੂੰ ਯਾਦ ਕਰਨਾ ਆਧੁਨਿਕ ਸੰਵੇਦਨਾ ਦਾ ਪਰਤੌ ਹੈ। ਉਨ੍ਹਾਂ ਦੀ ਕਵਿਤਾ ਵਿਚ ਵਿਲੱਖਣਤਾ, ਸਮਾਜਕ ਤਬਦੀਲੀ, ਜਨ ਸੰਵੇਦਨਾ, ਰੁਮਾਂਟਿਕ ਤੇ ਅਗਾਂਹਵਧੂ ਵਿਚਾਰਧਾਰਾ ਦਾ ਸੁਮੇਲ ਹੋਣ ਕਰਕੇ ਕਾਫ਼ੀ ਲੋਕਪਿ੍ਰਯ ਹੈ। ਸਮਾਗਮ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਲੋਕਾਂ ਦਾ ਸ਼ਾਇਰ ਸੀ ਜਿਹੜਾ ਲੋਕਾਂ ਦੀ ਭਾਸ਼ਾ ਵਿਚ ਲਿਖਦਾ ਸੀ। ਪ੍ਰੋ. ਮੋਹਨ ਸਿੰਘ ਪੰਜਾਬੀ ਮੁਟਿਆਰ ਦੀ ਭਾਵਨਾ ਨੂੰ ਬੜੀ ਖੂਬਸੂਰਤੀ ਨਾਲ ਆਪਣੀ ਰਚਨਾ ਵਿਚ ਸਿਰਜਦਾ ਸੀ।ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਸਵਾਗਤੀ ਸ਼ਬਦ ਕਹਿੰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਜਦੋਂ ਸ਼ਾਇਰੀ ਵਿਚ ਪੈਰ ਧਰਦਾ ਹੈ ਤਾਂ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਤੇ ਧਨੀ ਰਾਮ ਚਾਤਿ੍ਰਕ ਪੰਜਾਬੀ ਸਾਹਿਤ ਜਗਤ ਵਿਚ ਸਥਾਪਤ ਸ਼ਾਇਰਾਂ ਵਜੋਂ ਵਿਚਰ ਰਹੇ ਸਨ। ਉਨ੍ਹਾਂ ਨੇ ਨਿੱਜੀ ਪਿਆਰ ਅਤੇ ਵਿਗਿਆਨਕ, ਸਮਾਜਕ ਚੇਤਨਾ ਭਰਪੂਰ ਸੰਵੇਦਨਾ ਨਾਲ ਪੰਜਾਬੀ ਸ਼ਾਇਰੀ ਵਿਚ ਇਕ ਨਵੀਂ ਲੀਹ ਪਾਈ ਜਿਹੜੀ ਮੋਹਨ ਸਿੰਘ, ਅੰਮਿ੍ਰਤਾ ਪ੍ਰੀਤਮ ਕਾਵਿ ਧਾਰਾ ਨਾਲ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਸਥਾਪਤ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਭੰਵਰਾ, ਤ੍ਰੈਲੋਚਨ ਲੋਚੀ, ਸੁਰਿੰਦਰ ਦੀਪ,ਸਰਬਜੀਤ ਵਿਰਦੀ, ਸਤਿਬੀਰ ਸਿੰਘ, ਅਮਰਜੀਤ ਸ਼ੇਰਪੁਰੀ, ਸੁਮਿਤ ਗੁਲਾਟੀ, ਸਤਨਾਮ ਸਿੰਘ,ਦੇਵਿੰਦਰ ਸੇਖਾ ਆਦਿ ਸ਼ਾਮਲ ਸਨ। ਡਾ. ਗੁਰਇਕਬਾਲ ਸਿੰਘ ਅਤੇ ਅਮਰਜੀਤ ਸਿੰਘ ਸ਼ੇਰਪੁਰੀ ਨੇਪ੍ਰੋ. ਮੋਹਨ ਸਿੰਘ ਦੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।