ਵਿਸ਼ਵ ਪ੍ਰਸਿੱਧ ਪੰਜਾਬੀ ਫੋਟੋਗ੍ਰਾਫ਼ਰ ਸਃ ਹਰਭਜਨ ਸਿੰਘ ਲੌਂਗਮੈਨ ਦੇ ਦੇਹਾਂਤ ਤੇ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

 

ਲੁਧਿਆਣਾਃ 22 ਜਨਵਰੀ : ਜਲੰਧਰ ਤੋਂ ਫੋਟੋਗ੍ਰਾਫ਼ੀ ਸ਼ੁਰੂ ਕਰਕੇ ਲੁਧਿਆਣਾ, ਪਹਿਲਗਾਮ, ਰਾਸ਼ਟਰਪਤੀ ਭਵਨ ਰਾਹੀਂ ਹੁੰਦੇ ਹੋਏ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ ਨਾਮਣਾ ਖੱਟਣ ਵਾਲੇ ਵਿਸ਼ਵ ਪ੍ਰਸਿੱਧ ਫੋਟੋਗ੍ਰਾਫ਼ਰ ਹਰਭਜਨ ਸਿੰਘ ਲੈਂਗਮੈਨ ਦਾ ਬੀਤੇ ਦਿਨ 18 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਦੇਹਾਂਤ ਹੋ ਗਿਆ ਹੈ। ਉਹ 76 ਸਾਲਾਂ ਦੇ ਸਨ।
ਸਃ ਲੌਂਗਮੈਨ ਦਾ ਨਾਮ ਭਾਵੇਂ ਹਰਭਜਨ ਸਿੰਘ ਜੀ ਪਰ ਉਹ ਲਗਪਗ ਸਵਾ ਛੇ ਫੁੱਟ ਲੰਮੇ ਸੁੰਦਰ ਸੁਡੌਲ ਪ੍ਰਭਾਵਸ਼ਾਲੀ ਸਖਸ਼ੀਅਤ ਵਾਲੇ ਹੋਣ ਕਾਰਨ ਲੌਂਗਮੈਨ ਦੇ ਨਾਮ ਨਾਲ ਪ੍ਰਸਿੱਧ ਹੋਏ। ਜਲੰਧਰ ਚ ਉਨ੍ਹਾਂ ਨੇ ਬਰਾਂਡਰਥ ਰੋਡ ਤੇ ਪਹਿਲਾ ਲੌਂਗਮੈਨ ਸਟੁਡੀਊ ਖੋਲ੍ਹਿਆ ਤੇ ਦੂਜੀ ਬਰਾਂਚ ਪਹਿਲਗਾਮ(ਕਸ਼ਮੀਰ) ਤੇ ਫਿਰ ਲੁਧਿਆਣਾ ਚ ਖੋਲ੍ਹੀ। ਆਪਣੇ ਦੋ ਨਿੱਕੇ ਵੀਰਾਂ ਨੂੰ ਵੀ ਉਨ੍ਹਾਂ ਇਸੇ ਕਾਰੋਬਾਰ ਵਿੱਚ ਪਾਇਆ।
1972-73 ਵਿੱਚ ਉਹ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਦੇ ਵਿਸ਼ੇਸ਼ ਫੋਟੋਗ੍ਰਾਫ਼ਰ ਵਜੋਂ ਜਲੰਧਰੋਂ ਡਾਃ ਐੱਸ ਪੀ ਸਿੰਘ ਜੀ ਰਾਹੀਂ ਬੁਲਾਏ ਜਾਣ ਲੱਗੇ, ਜੋ ਉਸ ਵਕਤ ਇਸ ਕਾਲਿਜ ਚ ਪੜ੍ਹਾਉਂਦੇ ਸਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸਃ ਲੌਂਗਮੈਨ ਦੇ ਵਿਛੋੜੇ ਤੇ ਕਿਹਾ ਹੈ ਕਿ ਮੈਨੂੰ ਮਾਣ ਹੈ ਕਿ ਉਨ੍ਹਾਂ ਨਾਲ ਮੇਰਾ ਜੀਵੰਤ ਸਬੰਧ ਲਗਪਗ ਹਰਥਾਂ ਹੀ ਰਿਹਾ। 1977 ਚ ਮੈਨੂੰ ਉਹ ਪਹਿਲਗਾਮ ਚ ਮਿਲੇ ਜਿਥੇ ਮੈਂ ਲ ਰ ਮ ਕਾਲਿਜ ਜਗਰਾਉਂ ਦਾ ਟੂਰ ਲੈ ਕੇ ਅਧਿਆਪਕ ਸਾਥੀਆਂ ਸਮੇਤ ਗਿਆ ਸਾਂ। 2012 ਚ ਉਹ ਮੈਨੂੰ ਅਮਰੀਕਾ ਚ ਮਿਲੇ ਜਿੱਥੇ ਉਨ੍ਹਾਂ ਕੁਲਦੀਪ ਨੱਈਅਰ ਸਾਹਿਬ ਤੇ ਮੇਰੀ ਮੇਜ਼ਬਾਨੀ ਆਪਣੇ ਘਰ ਬੁਲਾ ਕੇ ਕੀਤੀ। ਅੱਜ ਦੇ ਖੇਤੀ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਹੀ ਸਾਨੂੰ ਉਨ੍ਹਾਂ ਦੇ ਘਰ ਲੈ ਕੇ ਗਏ ਸੀ।
ਗਿਆਨੀ ਜ਼ੈਲ ਸਿੰਘ ਜੀ ਜਦ ਰਾਸ਼ਟਰਪਤੀ ਸਨ ਤਾਂ ਸਃ ਲੌਂਗਮੈਨ ਰਾਸ਼ਟਰਪਤੀ ਭਵਨ ਵਿੱਚ ਅਧਿਕਾਰਤ ਫੋਟੋਗ੍ਰਾਫ਼ਰ ਸਨ। ਸਾਬਕਾ ਗਵਰਨਰ ਪੁਡੂਚੇਰੀ ਸਃ ਇਕਬਾਲ ਸਿੰਘ ਜਲੰਧਰ ਵੀ ਉਨ੍ਹਾਂ ਦੇ ਮਾਮਾ ਜੀ ਸਨ।
ਆਪਣੀ ਜੀਵਨ ਸਾਥਣ ਦੇ ਵਿਛੋੜੇ ਬਾਦ ਉਹ ਅੰਦਰੋਂ ਟੁੱਟ ਗਏ ਸਨ। ਇਸੇ ਕਰਕੇ ਉਹ ਅਮਰੀਕਾ ਤੋਂ ਵਾਪਸ ਜਲੰਧਰ ਆ ਗਏ ਸਨ। ਇਸ ਵੇਲੇ ਉਹ ਆਪਣੀ ਨਿੱਕੀ ਬੇਟੀ ਪਾਸ ਨਵੀਂ ਦਿੱਲੀ ਚ ਰਹਿ ਰਹੇ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਸੰਧੂ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ ਨੇ ਵੀ ਸਃ ਲੌਂਗਮੈਨ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਪਰਿਵਾਰਕ  ਰਿਸ਼ਤੇਦਾਰ ਹਰਿੰਦਰ ਸਿੰਘ ਕਾਕਾ ਨੇ ਦੱਸਿਐ ਕਿ ਸਃ ਹਰਭਜਨ ਸਿੰਘ ਲੌਂਗਮੈਨ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ 12.30 ਵਜੇ ਦੇ ਕਰੀਬ ਗੁਰਦੁਆਰਾ ਬਾਬਾ ਬੁੱਢਾ ਜੀ, ਬਲਾਕ ਆਈ ਸੁਭਾਸ਼ ਨਗਰ, ਨਵੀਂ ਦਿੱਲੀ ਵਿਖੇ ਹੋਵੇਗੀ।