ਫ਼ਤਹਿਗੜ੍ਹ ਸਾਹਿਬ, 12 ਜਨਵਰੀ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨਵ ਨਿਯੁਕਤ ਇੰਚਾਰਜ ਬੀਬਾ ਜੈ ਇੰਦਰ ਕੌਰ ਨੇ ਅੱਜ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਦੀ ਸਮੁੱਚੀ ਭਾਜਪਾ ਟੀਮ ਨਾਲ ਮੀਟਿੰਗ ਕੀਤੀ। ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੁਆਰਾ ਆਪਣੇ ਗ੍ਰਹਿ ਵਿਖੇ ਕਰਵਾਈ ਮੀਟਿੰਗਾਂ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜੈ ਇੰਦਰ ਕੌਰ ਨੇ ਉਨ੍ਹਾਂ ਦੀ ਪਹਿਲੀ ਫੇਰੀ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਦੌਰਾਨ ਜੈ ਇੰਦਰ ਕੌਰ ਨੇ ਕਿਹਾ, "ਪਾਰਟੀ ਦੀ ਮਜ਼ਬੂਤੀ ਲਈ ਫ਼ਤਹਿਗੜ੍ਹ ਸਾਹਿਬ ਦੀ ਸਮੁੱਚੀ ਭਾਜਪਾ ਟੀਮ ਨੂੰ ਇੱਕਠੇ ਲੈਕੇ ਇਕਜੁੱਟਤਾ ਨਾਲ ਆਪਾਂ ਸਾਰੇ ਕੰਮ ਕਰਾਂਗੇ ਅਤੇ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਫ਼ਤਹਿਗੜ੍ਹ ਸਾਹਿਬ ਦੀ ਸੀਟ ਭਾਜਪਾ ਨੂੰ ਜ਼ਰੂਰ ਜਿਤਾਵਾਂਗੇ।" ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਭਾਜਪਾ ਨੇਤਾ ਨੇ ਕਿਹਾ, "ਬਦਲਾਵ ਦੇ ਨਾਮ 'ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀਅਤ ਅੱਜ ਸਭ ਦੇ ਸਾਹਮਣੇ ਆ ਚੁੱਕੀ ਹੈ, ਪੰਜਾਬ ਵਿੱਚ ਭ੍ਰਿਸ਼ਟਾਚਾਰ ਬਹੁਤ ਵੱਧ ਚੁੱਕਾ ਹੈ ਅਤੇ ਕਾਨੂੰਨ ਵਿਵਸਥਾ ਦਿਨੋਂ ਦਿਨ ਬਦਤਰ ਹੁੰਦੀ ਹੈ ਰਹੀ ਹੈ। ਇਸ ਲਈ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਆ ਚੁੱਕਾ ਹੈ ਕਿ ਪੰਜਾਬ ਦੀ ਬੇਹਤਰੀ ਲਈ ਇਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਜੋਕਿ ਸਿਰਫ਼ ਭਾਜਪਾ ਹੀ ਦੇ ਸਕਦੀ ਹੈ ਅਤੇ ਆਉਣ ਵਾਲੀ ਲੋਕ ਸਭਾ ਚੋਣਾ ਵਿੱਚ ਪੰਜਾਬੀ ਸਾਰੀ ਸੀਟਾਂ ਭਾਜਪਾ ਨੂੰ ਹੀ ਜਿੱਤਾਣਗੇ।"