
- ਕਿਹਾ, ਲੋਕ ਧੀਆਂ-ਪੁੱਤਰਾਂ ਨੂੰ ਬਰਾਬਰ ਸਮਝਣ: ਡਾ. ਸੰਜੇ ਗੋਇਲ
- ਲੜਕੀਆਂ ਮੁੰਡਿਆਂ ਤੋਂ ਨਹੀਂ ਕਿਸੇ ਵੀ ਪੱਖੋ ਘੱਟ: ਡਾ. ਗੋਇਲ
- ਸਿਵਲ ਸਰਜਨ ਵੱਲੋਂ ਨਵਜਾਤ ਬੱਚੀਆਂ ਨੂੰ ਵੰਡੇ ਤੋਹਫ਼ੇ
ਮਾਲੇਰਕੋਟਲਾ, 13 ਜਨਵਰੀ 2025 : ਧੀਆਂ-ਪੁੱਤਰਾਂ ਨੂੰ ਬਰਾਬਰ ਸਮਝਣ ਦਾ ਸੁਨੇਹਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਮੁੱਢਲਾ ਸਿਹਤ ਕੇਂਦਰ ਅਮਰਗੜ੍ਹ ਅਧੀਨ ਭਸੌੜ ਤੇ ਢੱਢੋਗਲ ਵਿਖੇ ਸਿਵਲ ਸਰਜਨ ਡਾ. ਸੰਜੇ ਗੋਇਲ ਅਤੇ ਡਾ. ਅੰਜੂ ਦੀ ਅਗਵਾਈ ‘ਚ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਵੱਲੋਂ ਨਵਜਾਤ ਬੱਚੀਆਂ ਦੀ ਲੋਹੜੀ ਮਨਾਉਂਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੱਚੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਲੋਹੜੀ ਦੇ ਇਸ ਪ੍ਰੋਗਰਾਮ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਗੋਇਲ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਮਕਸਦ ਸਮਾਜ ਅੰਦਰ ਧੀਆਂ ਪ੍ਰਤੀ ਲੋਕਾਂ ਦੀ ਸੋਚ ਨੂੰ ਉਚਾ ਚੁੱਕਣਾ ਅਤੇ ਧੀਆਂ ਨੂੰ ਵੀ ਪੁੱਤਰਾਂ ਦੀ ਤਰ੍ਹਾਂ ਬਰਾਬਰੀ ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਗਰਭ 'ਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨ ਤੇ ਭਰੂਣ ਹੱਤਿਆ ਕਰਨਾ ਪੀ.ਸੀ.ਪੀ.ਐਨ.ਡੀ.ਟੀ. ਐਕਟ ਤਹਿਤ ਸਜ਼ਾਯੋਗ ਅਪਰਾਧ ਹੈ। ਇਸ ਮੌਕੇ ਡਾ. ਅਨਵਰ ਭਸੌੜ ਤੇ ਡਾ. ਅੰਜੂ ਨੇ ਕਿਹਾ ਕਿ ਦੁਨੀਆਂ ਭਰ ਵਿਚ ਲੜਕੀਆਂ ਹਰ ਖੇਤਰ ਵਿਚ ਮੋਹਰੀ ਹੋ ਕੇ ਸਮਾਜ ਉਸਾਰੂ ਭੂਮਿਕਾ ਅਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਕੁੜੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲ਼ੋਂ ਘੱਟ ਨਹੀਂ ਹਨ ਤੇ ਉਹ ਹਰ ਕੰਮ ਬਿਹਤਰ ਢੰਗ ਨਾਲ ਕਰ ਸਕਦੀਆਂ ਹਨ। ਇਸ ਦੌਰਾਨ ਸਟੇਜ ਸਕੱਤਰ ਦੇ ਤੌਰ ਮਨਪ੍ਰੀਤ ਸਿੰਘ ਨੇ ਭੂਮਿਕਾ ਨਿਭਾਈ ਅਤੇ ਡਾ. ਹਰਸ਼ ਗੋਇਲ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਡਾ. ਰੁਬੀਨਾ, ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ, ਸਿਹਤ ਸੁਪਰਵਾਈਜ਼ਰ ਨਿਰਭੈ ਸਿੰਘ, ਕੇਵਲ ਸਿੰਘ, ਮਲਟੀਪਰਪਜ਼ ਵਰਕਰ ਮਨਦੀਪ ਸਿੰਘ ਅਤੇ ਪੀਐਚਸੀ ਦਾ ਸਟਾਫ ਤੇ ਪਿੰਡ ਦੀ ਪੰਚਾਇਤ ਤੇ ਮੋਹਤਬਰ ਮੈਂਬਰ ਹਾਜ਼ਰ ਸਨ।