- ਸਮਾਗਮ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ
ਲੁਧਿਆਣਾ, 20 ਦਸਬੰਰ : ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ (ਐਲ.ਐਮ.ਏ.) ਸਥਾਨਕ ਹੋਟਲ ਪਾਰਕ ਪਲਾਜ਼ਾ ਵਿਖੇ ਆਪਣੀ 44ਵੀਂ ਵਰ੍ਹੇਗੰਢ ਅਤੇ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਵਲੋਂ ਆਪਣੇ ਸੰਬੋਧਨ ਵਿੱਚ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦੇ ਕੰਮ ਅਤੇ ਪਿਛਲੇ ਦਹਾਕਿਆਂ ਦੌਰਾਨ ਇਸਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਕਿਵੇਂ ਐਲ.ਐਮ.ਏ. ਨੇ ਇੱਕ ਸੰਸਥਾ ਦੇ ਰੂਪ ਵਿੱਚ ਪ੍ਰਬੰਧਨ ਅਕਾਦਮਿਕ, ਉੱਦਮੀਆਂ ਅਤੇ ਇਸਦੇ ਵਿਅਕਤੀਗਤ ਮੈਂਬਰਾਂ ਲਈ ਵਿਕਾਸ ਲਈ ਬਿਹਤਰ ਵਾਤਾਵਰਣ ਸਥਾਪਤ ਕਰਨ ਲਈ ਨਿਰੰਤਰ ਯਤਨ ਕੀਤੇ ਹਨ। ਉਨ੍ਹਾਂ ਇਸ ਮੌਕੇ ਪੁਰਸਕਾਰ ਜੇਤੂਆਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਕੰਮ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਐਲ.ਐਮ.ਏ. ਮੈਂਬਰਾਂ ਨੂੰ ਬਿਹਤਰ ਵਿਕਾਸ ਲਈ ਕਾਰੋਬਾਰੀ ਭਾਈਚਾਰੇ ਅਤੇ ਖੋਜ ਯਤਨਾਂ ਵਿੱਚ ਯੋਗਦਾਨ ਪਾਉਣ ਅਤੇ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸ਼੍ਰੀ ਸ਼ੋਭਨ ਸੋਈ, ਜਨਰਲ ਸਕੱਤਰ, ਐਲ.ਐਮ.ਏ. ਵਲੋਂ ਆਪਣੇ ਸੁਆਗਤੀ ਭਾਸ਼ਣ ਵਿੱਚ ਰਾਜਪਾਲ ਪੁਰੋਹਿਤ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦੁਆਰਾ ਸਥਾਪਿਤ ਕੀਤੇ ਗਏ ਸਲਾਨਾ ਪੁਰਸਕਾਰਾਂ ਨੂੰ ਪ੍ਰਦਾਨ ਕਰਨ ਲਈ ਆਪਣਾ ਕੀਮਤੀ ਸਮਾਂ ਕੱਢਿਆ। ਇਹ ਸਮਾਗਮ ਲੁਧਿਆਣਾ ਦੇ ਉੱਘੇ ਉਦਯੋਗਪਤੀਆਂ ਅਤੇ ਉੱਦਮੀਆਂ ਦੀ ਸਹੂਲਤ ਲਈ ਕਰਵਾਇਆ ਗਿਆ। ਐਲ.ਐਮ.ਏ. ਜੋ ਕਿ 1978 ਵਿੱਚ ਸ਼ੁਰੂ ਹੋਈ ਇੱਕ ਬਹੁ-ਦਿਸ਼ਾਵੀ ਸੰਸਥਾ ਹੈ ਜੋ ਸਿੱਖਿਆ, ਸਿਖਲਾਈ ਅਤੇ ਹੋਰ ਕਈ ਪਹਿਲੂਆਂ ੋਤੇ ਕੇਂਦਰਿਤ ਹੈ। ਐਲ.ਐਮ.ਏ. ਦੁਆਰਾ ਪੇਸ਼ ਕੀਤੇ ਗਏ ਅਵਾਰਡ ਸ਼ੁਕਰਗੁਜ਼ਾਰੀ ਨੂੰ ਦਰਸਾਉਂਦੇ ਹਨ, ਉੱਤਮਤਾ ਨੂੰ ਮਾਨਤਾ ਦਿੰਦੇ ਹਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ। ਸਲਾਨਾ ਐਵਾਰਡ ਕਮੇਟੀ ਦੇ ਚੇਅਰਮੈਨ ਸ੍ਰੀ ਵੀ.ਕੇ. ਗੋਇਲ ਨੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਐਲ.ਐਮ.ਏ - ਸਾਲ 2021 ਦੇ ਉੱਦਮੀ ਲਈ ਵਰਧਮਾਨ ਅਵਾਰਡ, ਮੈਨੇਜਰ ਲਈ ਦਯਾਨੰਦ ਮੁੰਜਾਲ ਅਵਾਰਡ, ਯੰਗ ਇਨੋਵੇਟਿਵ ਉਦਯੋਗਪਤੀ ਲਈ, ਕਾਰਪੋਰੇਟ ਸਿਟੀਜ਼ਨ ਲਈ ਹਰੀ ਚੰਦ ਅਵਾਰਡ, ਉਭਰਦੇ ਐਸ.ਐਮ.ਈ. ਲਈ ਸੋਹਨ ਲਾਲ ਪਾਹਵਾ ਪੁਰਸਕਾਰ ਤੋਂ ਇਲਾਵਾ ਸੱਤ ਪਾਲ ਮਿੱਤਲ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤੇ ਗਏ। ਇਸ ਮੌਕੇ ਪੁਲਿਸ ਕਮਿਸ਼ਨਰ ਲੁਧਿਆਣਾ ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਐਸ.ਡੀ.ਐਮ. ਸ੍ਰੀਮਤੀ ਸਵਾਤੀ ਟਿਵਾਣਾ ਤੋਂ ਇਲਾਵਾ ਸਮਾਗਮ ਵਿੱਚ 300 ਦੇ ਕਰੀਬ ਉੱਘੇ ਉਦਯੋਗਪਤੀਆਂ, ਉੱਦਮੀਆਂ, ਸਿੱਖਿਆ ਸ਼ਾਸਤਰੀਆਂ, ਕਾਰੋਬਾਰੀ ਪੁਰਸ਼ਾਂ ਅਤੇ ਔਰਤਾਂ ਨੇ ਸ਼ਿਰਕਤ ਕੀਤੀ।