ਫਾਜਿ਼ਲਕਾ, 2 ਮਾਰਚ : ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਆਪਣੇ ਪਰਿਵਾਰ ਦੇ 7 ਮੈਂਬਰਾਂ ਨੂੰ ਕਾਰ ਸਮੇਤ ਗੰਗਕਨਾਲ ਨਹਿਰ ਵਿਚ ਡੇਗ ਕੇ ਮਾਰਨ ਦੇ ਦੋਸ਼ੀ ਇਕ ਵਿਅਕਤੀ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ। ਦੋਸ਼ੀ ਨੂੰ ਉਮਰਕੈਦ ਤੋਂ ਬਿਨ੍ਹਾਂ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਵੀ ਮਾਨਯੋਗ ਅਦਾਲਤ ਵੱਲੋਂ ਦਿੱਤੀ ਗਈ ਹੈ।ਉਕਤ ਸਜਾ ਪੁਲਿਸ ਥਾਣਾ ਖੂਈ ਖੇੜਾ ਵਿਖੇ ਦਰਜ ਐਫਆਈਆਰ ਨੰਬਰ 123 ਮਿਤੀ 3 ਅਕਤੂਬਰ 2019 ਦੇ ਮਾਮਲੇ ਵਿਚ ਸੁਣਾਈ ਗਈ ਹੈ। ਦੋਸ਼ੀ ਬਲਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਪਿੰਡ ਆਲਮਸ਼ਾਹ ਢਾਣੀ ਅਮਰਪੁਰਾ ਦਾ ਰਹਿਣ ਵਾਲਾ ਸੀ। ਇਸ ਸਬੰਧ ਵਿਚ ਹਰਬੰਸ ਸਿੰਘ ਵਾਸੀ ਪਿੰਡ ਪੱਕਾ ਚਿਸਤੀ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਸੀ। ਦੋਸ਼ੀ ਨੇ ਸਿ਼ਕਾਇਤਕਰਤਾ ਹਰਬੰਸ ਸਿੰਘ ਦੀ ਕੁੜੀ ਸਮੇਤ ਆਪਣੇ ਪੂਰੇ ਟੱਬਰ ਨੂੰ ਨਹਿਰ ਵਿਚ ਸੁੱਟ ਕੇ ਮਾਰ ਦਿੱਤਾ ਸੀ। ਐਫਆਈਆਰ ਵਿਚ ਹਰਬੰਸ ਸਿੰਘ ਨੇ ਦੱਸਿਆ ਸੀ ਕਿ ਉਸਦੀ ਲੜਕੀ ਕੁਲਵਿੰਦਰ ਕੌਰ ਦਾ ਵਿਆਹ ਸੁਰਿੰਦਰ ਸਿੰਘ ਵਾਸੀ ਆਲਮਸ਼ਾਹ ਢਾਣੀ ਅਮਰਪੁਰਾ ਨਾਲ ਹੋਇਆ ਸੀ। ਉਸਦੀ ਲੜਕੀ ਅਤੇ ਜਵਾਈ ਦੇ ਤਿੰਨ ਬੱਚੇ ਸਨ। ਜਦ ਕਿ ਉਸਦੇ ਜਵਾਈ ਸੁਰਿੰਦਰ ਸਿੰਘ ਦੇ ਵੱਡੇ ਭਰਾ ਬਲਵਿੰਦਰ ਸਿੰਘ ਦਾ ਆਪਣੇ ਪਰਿਵਾਰ ਪ੍ਰਤੀ ਵਿਹਾਰ ਠੀਕ ਨਹੀਂ ਸੀ ਅਤੇ ਉਹ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਤੰਗ ਪ੍ਰੇ਼ਸ਼ਾਨ ਕਰਦਾ ਸੀ।ਉਸਦੇ ਆਪਣੇ ਦੋ ਬੱਚੇ ਵੀ ਸੀ ਜਦ ਕਿ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਐਫਆਈਆਰ ਅਨੁਸਾਰ ਘਟਨਾ ਵਾਲੇ ਦਿਨ ਯਾਨੀ 26 ਸਤੰਬਰ 2019 ਨੂੰ ਉਕਤ ਦੋਸ਼ੀ ਆਪਣੀ ਕਾਰ ਤੇ ਆਪਣੇ ਭਰਾ, ਭਰਾ ਦੀ ਪਤਨੀ, ਮਾਂ, ਆਪਣੇ ਇਕ ਬੱਚੇ ਅਤੇ ਭਰਾ ਦੇ ਤਿੰਨ ਬੱਚਿਆਂ ਨੂੰ ਪਿੰਡ ਅੱਚਾੜਿਕੀ ਕਿਸੇ ਬਾਬੇ ਕੋਲ ਲੈ ਕੇ ਗਿਆ ਸੀ ਜਦ ਕਿ ਵਾਪਿਸੀ ਸਮੇਂ ਪਿੰਡ ਜੰਡਵਾਲਾ ਮੀਰਾਂ ਸਾਂਗਲਾ ਕੋਲ ਉਸਨੇ ਕਾਰ ਸਮੇਤ ਸਭ ਨੂੰ ਗੰਗ ਕੈਨਾਲ ਨਹਿਰ ਵਿਚ ਸੁੱਟ ਦਿੱਤਾ। ਹਾਂਲਾਕਿ ਘਟਨਾ ਤੋਂ ਬਾਅਦ ਦੋਸ਼ੀ ਨੇ ਇਸਨੂੰ ਇਕ ਹਾਦਸਾ ਸਿੱਧ ਕਰਨ ਦਾ ਯਤਨ ਕੀਤਾ ਪਰ ਬਾਅਦ ਵਿਚ ਉਸਦਾ ਭੇਦ ਖੁੱਲ ਗਿਆ। ਇਸ ਕੇਸ ਵਿਚ ਮਾਨਯੋਗ ਅਦਾਲਤ ਨੇ ਦੋਸ਼ੀ ਬਲਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ।