- ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਅਪਣਾਉਣ ਲਈ ਵਿਭਾਗ ਵੱਲੋਂ ਮਿਲਦੇ ਹਨ ਵਿੱਤੀ ਲਾਭ
ਫਰੀਦਕੋਟ, 4 ਜੁਲਾਈ : ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਡਾ. ਅਨਿਲ ਗੋਇਲ ਸਿਵਲ ਸਰਜਨ ਫਰੀਦਕੋਟ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਫਰੀਦਕੋਟ ਵੱਲੋਂ ਵਿਸ਼ਵ ਆਬਾਦੀ ਦਿਵਸ ਜੋ ਕਿ ਹਰ ਨੂੰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ ਨੂੰ ਸਮਰਪਿਤ 27 ਜੂਨ ਤੋਂ 24 ਜੁਲਾਈ ਤੱਕ ਪਰਿਵਾਰ ਨਿਯੋਜਨ ਸਬੰਧੀ ਵੱਖ- ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਆਬਾਦੀ ਦੇਸ਼ ਦੀ ਤਰੱਕੀ ਦੇ ਰਾਹ ਵਿਚ ਇਕ ਵੱਡੀ ਰੁਕਾਵਟ ਹੈ ਤੇ ਅਬਾਦੀ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵਿਸ਼ਵ ਅਬਾਦੀ ਦਿਵਸ ਥੀਮ “ਆਜਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਲਈਏ ਇਹ ਸੰਕਲਪ, ਪਰਿਵਾਰ ਨਿਯੋਜਨ ਨੂੰ ਬਣਾਵਾਂਗੇ, ਖੁਸੀਆਂ ਦਾ ਵਿਕਲਪ” ਤਹਿਤ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸਿਵਲ ਹਸਪਤਾਲ ਫਰੀਦਕੋਟ ਵਿਖੇ ਸੀਨੀਅਰ ਮੈਡੀਕਲ ਅਫਸਰ ਅਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਚੰਦਰ ਸ਼ੇਖਰ ਦੀ ਪ੍ਰਧਾਨਗੀ ਹੇਠ ਫਰੀਦਕੋਟ ਸ਼ਹਿਰ ਦੀਆਂ ਸਮੂਹ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਵਿਸ਼ਵ ਆਬਾਦੀ ਕੰਪੇਨ ਤਹਿਤ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਚਲਾਇਆ ਜਾ ਰਿਹਾ ਹੈ, ਇਸ ਪੰਦਰਵਾੜੇ ਵਿਚ ਸਿਹਤ ਵਿਭਾਗ ਦੇ ਮਲਟੀਪਰਪਜ ਸਿਹਤ ਵਰਕਰਾਂ ਅਤੇ ਆਸ਼ਾ ਵਰਕਰਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਘਰ-ਘਰ ਜਾ ਕੇ ਯੋਗ ਜੋੜਿਆਂ ਨਾਲ ਸੰਪਰਕ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਪਰਿਵਾਰ ਭਲਾਈ ਦੇ ਕੱਚੇ ਤੇ ਪੱਕੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾਵੇ। ਪਹਿਲਾ ਬੱਚਾ ਵਿਆਹ ਤੋਂ 2 ਸਾਲ ਬਾਅਦ ਅਤੇ ਦੂਜੇ ਬੱਚੇ ਦੇ ਜਨਮ ਵਿੱਚ ਘੱਟੋ-ਘੱਟ ਤਿੰਨ ਸਾਲ ਦਾ ਅੰਤਰ ਰੱਖਣ ਸਬੰਧੀ ਪ੍ਰੇਰਿਤ ਵੀ ਕੀਤਾ ਜਾਵੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਤੋਂ 24 ਜੁਲਾਈ ਤੱਕ ਆਬਾਦੀ ਸਥਿਰਤਾ ਪੰਦਰਵਾੜੇ ਤਹਿਤ ਪਰਿਵਾਰ ਨਿਯੋਜਨ ਸੰਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ ਇਨ੍ਹਾਂ ਕੈਂਪਾਂ ਵਿਚ ਯੋਗ ਜੋੜਿਆਂ ਨੂੰ ਪ੍ਰੇਰਿਤ ਕਰਕੇ ਲਿਆਂਦਾ ਜਾਵੇਗਾ ਜਿੱਥੇ ਉਨ੍ਹਾਂ ਨੂੰ ਪਰਿਵਾਰ ਭਲਾਈ ਦੇ ਕੱਚੇ ਅਤੇ ਪੱਕੇ ਤਰੀਕੇ ਅਪਨਾਉਣ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਚਾਹਵਾਨ ਮਰਦਾਂ ਦੀ ਨਸਬੰਦੀ ਅਤੇ ਔਰਤਾਂ ਦੇ ਨਲਬੰਦੀ ਦੇ ਆਪਰੇਸ਼ਨ ਵੀ ਕੀਤੇ ਜਾਣਗੇ। ਉਨ੍ਹਾਂ ਆਮ ਲੋਕਾਂ ਨੂੰ ਇਸ ਪੰਦਰਵਾੜੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਨੇ ਆਖਿਆ ਕਿ ਸਮੂਹ ਏ.ਐਨ.ਐਮ. ਅਤੇ ਆਸ਼ਾ ਆਪਣੇ ਏਰੀਏ ਵਿੱਚ ਸਮਾਜ ਸੇਵੀ ਸੰਸਥਾਵਾਂ, ਪ੍ਰਾਈਵੇਟ ਪ੍ਰੈਕਟੀਸ਼ਨਰਾਂ ਅਤੇ ਆਂਗਣਵਾੜੀ ਵਰਕਰਾਂ ਆਦਿ ਨਾਲ ਮੀਟਿੰਗਾਂ ਕਰਕੇ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਯੋਗਦਾਨ ਲੈਣ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੁਰਸ਼ਾਂ ਨੂੰ ਨਸਬੰਦੀ ਕਰਵਾਉਣ ਲਈ 1100 ਰੁਪਏ, ਔਰਤਾਂ ਨੂੰ ਨਲਬੰਦੀ ਕਰਵਾਉਣ ਲਈ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀਆਂ ਔਰਤਾਂ ਨੂੰ 600 ਰੁਪਏ ਅਤੇ ਆਮ ਵਰਗ ਦੀਆਂ ਔਰਤਾਂ ਨੂੰ 250 ਰੁਪਏ ਅਤੇ ਪੀ.ਪੀ.ਆਈ.ਯੂ.ਸੀ.ਡੀ. ਲਗਵਾਉਣ ਲਈ ਔਰਤਾਂ ਨੂੰ 300 ਰੁਪਏ ਦੇ ਵਿੱਤੀ ਲਾਭ ਵੀ ਦਿੱਤੇ ਜਾਂਦੇ ਹਨ।