- ਮਾਂ ਬੋਲੀ ਪੰਜਾਬੀ ਨੂੰ ਅਪਣਾਉਂਦਿਆ ਪੰਜਾਬੀ ਭਾਸ਼ਾ ਨੂੰ ਦਿੱਤੀ ਜਾਵੇ ਤਰਜੀਹ-ਡਿਪਟੀ ਕਮਿਸ਼ਨਰ
ਫਾਜ਼ਿਲਕਾ, 10 ਅਗਸਤ : ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫ਼ਾਜ਼ਿਲਕਾ ਵਿਖੇ ਆਯੋਜਨ ਕੀਤਾ ਗਿਆ । ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਲੱਗਭੱਗ 250 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਦੌਰਾਨ ਪਹੁੰਚੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਸੇਨੂ ਦੁੱਗਲ ਨੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਅਤੇ ਪੜ੍ਹਾਈ ਦੇ ਨਾਲ -ਨਾਲ ਸਾਹਿਤਕ ਰੂਚੀਆਂ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਸਾਨੂੰ ਸਭ ਨੂੰ ਅਪਣਾਉਣਾ ਚਾਹੀਦਾ ਹੈ। ਉਨਾਂ ਨੇ ਪੰਜਾਬ ਰਾਜ ਭਾਸ਼ਾ ਐਕਟ ਅਨੁਸਾਰ ਘਰਾਂ ਅਤੇ ਦੁਕਾਨਾਂ ਦੇ ਬਾਹਰ ਬੋਰਡ ਪੰਜਾਬੀ ਵਿੱਚ ਲਗਵਾਉਣ ਲਈ ਤਾਕੀਦ ਵੀ ਕੀਤੀ। ਉਨ੍ਹਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਵਿਸ਼ੇਸ਼ ਤੌਰ *ਤੇ ਮੌਜੂਦ ਸਨ। ਇਹਨਾਂ ਮੁਕਾਬਲਿਆਂ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1000, 750, 500 ਰੁਪਏ ਇਨਾਮ ਦੇ ਕੇ ਤੇ ਵਿਭਾਗੀ ਪ੍ਰਕਾਸ਼ਨਾਵਾਂ ਨਾਲ ਸਨਮਾਨਿਤ ਕੀਤਾ । ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦੇ ਨਾਮ ਇਸ ਪ੍ਰਕਾਰ ਹਨ। ਕਵਿਤਾ ਰਚਨਾ ਮੁਕਾਬਲੇ ਵਿਚ ਕਿਰਨ ਬਾਲਾ ਨੇ ਪਹਿਲਾ, ਖੁਸ਼ਮਨ ਕੌਰ ਨੇ ਦੂਜਾ ਅਤੇ ਜਸ਼ਨਪੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੇਖ ਰਚਨਾ ਮੁਕਾਬਲੇ ਵਿਚ ਰਮਨਦੀਪ ਕੌਰ ਨੇ ਪਹਿਲਾ, ਸਿਮਰਨ ਰਾਣੀ ਨੇ ਦੂਜਾ ਅਤੇ ਸ਼ਗੁਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਹਾਣੀ ਰਚਨਾ ਮੁਕਾਬਲੇ ਵਿਚ ਅਨੀਤਾ ਨੇ ਪਹਿਲਾ, ਸਤਵੀਰ ਕੌਰ ਨੇ ਦੂਜਾ ਅਤੇ ਰੁਚੀਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਗਾਇਨ ਮੁਕਾਬਲੇ ਵਿਚ ਰਜਨੀਤ ਸਿੰਘ ਨੇ ਪਹਿਲਾ, ਮਨਕਿਰਤ ਕੌਰ ਨੇ ਦੂਜਾ ਅਤੇ ਵਰੁਣ ਕੰਬੋਜ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਡਾ. ਸੁਖਵੀਰ ਸਿੰਘ ਬਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਾਜ਼ਿਲਕਾ ਅਤੇ ਵਿਸ਼ੇਸ਼ ਸਹਿਯੋਗ ਸ਼੍ਰੀ ਪਰਦੀਪ ਕੁਮਾਰ ਖਨਗਵਾਲ ਪ੍ਰਿੰਸੀਪਲ ਸ.ਮ.ਸੀ.ਸੈ. ਸਕੂਲ (ਲੜਕੇ) ਅਬੋਹਰ ਦਾ ਰਿਹਾ । ਪਰਮਿੰਦਰ ਸਿੰਘ ਖੋਜ ਅਫ਼ਸਰ ਵੱਲੋਂ ਸਭ ਹਾਜਰੀਨ ਦਾ ਪ੍ਰੋਗਰਾਮ ਵਿਖੇ ਪਹੁੰਚਣ *ਤੇ ਧੰਨਵਾਦ ਕੀਤਾ ਗਿਆ । ਇਹਨਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਸ. ਜਗਜੀਤ ਸੈਣੀ, ਕੁਲਜੀਤ ਭੱਟੀ, ਸੰਜੀਵ ਗਿਲਹੋਤਰਾ, ਮੀਨਾ ਕੁਮਾਰੀ, ਪਰਮਿੰਦਰ ਕੌਰ, ਕਵਿਤਾ ਰਾਣੀ, ਗਗਨਜੋਤ ਕੌਰ, ਸੁਰਿੰਦਰ ਕੁਮਾਰ, ਗੁਰਛਿੰਦਰ ਸਿੰਘ, ਡਾ. ਹਰਬੰਸ ਰਾਹੀ ਅਤੇ ਅਭਿਜੀਤ ਵਧਵਾ ਦੁਆਰਾ ਨਿਭਾਈ ਗਈ।