ਰੂਪਨਗਰ, 18 ਅਪ੍ਰੈਲ : ਰੂਪਨਗਰ ਦੀ ਪ੍ਰੀਤ ਕਾਲੋਨੀ 'ਚ ਇੱਕ ਘਰ ਦਾ ਲੈਂਟਰ ਚੁੱਕਣ 'ਚ ਲੱਗੇ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ। ਦੱਸਿਆ ਜਾ ਰਿਹਾ ਕਿ ਇਹ ਘਰ ਦੋ ਮੰਜ਼ਿਲਾਂ ਸੀ, ਜਿਸ ਦੀ ਕਿ ਆਧੁਨਿਕ ਤਕਨੀਕ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਤੁਰੰਤ ਜੇਸੀਬੀ ਮਸ਼ੀਨ ਬੁਲਾਈ ਗਈ ਅਤੇ ਲੈਂਟਰ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਤੇ ਨਾਲ ਹੀ ਬਚਾਅ ਕਾਰਜ ਲਈ ਆਈਟੀਬੀਪੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਵੀ ਬੁਲਾਈਆਂ ਗਈਆਂ। ਜਿੰਨ੍ਹਾਂ ਵਲੋਂ ਬਚਾਅ ਕਾਰਜ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਮਜ਼ਦੂਰਾਂ ਨੂੰ ਹੇਠਾਂ ਤੋਂ ਸੁਰੱਖਿਅਤ ਕੱਢਿਆ ਜਾ ਸਕੇ। ਉਨ੍ਹਾਂ ਵਲੋਂ ਮੌਕੇ ਤੋਂ ਮਲਬਾ ਹਟਾਇਆ ਜਾ ਰਿਹਾ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਮਜ਼ਦੂਰਾਂ ਦੀਆਂ ਆਵਾਜ਼ਾਂ ਮਲਵੇ ਦੇ ਹੇਠਾਂ ਤੋਂ ਸੁਣੀਆਂ ਜਾ ਰਹੀਆਂ ਹਨ। ਇਸ ਸਬੰਧੀ ਮਲਵੇ ਹੇਠ ਦੱਬੇ ਮਜ਼ਦੂਰਾਂ ਨਾਲ ਕੰਮ ਕਰਨ ਵਾਲੇ ਇੱਕ ਹੋਰ ਮਜ਼ਦੂਰ ਦਾ ਬਚਾਅ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਦੋ ਮੰਜ਼ਿਲਾਂ ਇਮਾਰਤ ਦਾ ਲੈਂਟਰ ਉੱਚਾ ਚੁੱਕਣ ਦਾ ਕੰਮ 1 ਅਪ੍ਰੈਲ ਤੋਂ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਹ ਪਾਣੀ ਪੀਣ ਗਿਆ ਤੇ ਉਸ ਦਾ ਬਚਾਅ ਹੋ ਗਿਆ, ਜਦਕਿ ਉਸ ਦੇ ਸਾਥੀ ਦੋ ਮੰਜ਼ਿਲਾਂ ਇਮਾਰਤ ਦੇ ਡਿੱਗਣ ਕਾਰਨ ਉਸ ਦੇ ਮਲਵੇ ਹੇਠ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਕਰੀਬ ਚਾਲੀ ਸਾਲ ਪਹਿਲਾਂ 1984 'ਚ ਬਣਿਆ ਸੀ। ਕਾਬਿਲੇਗੌਰ ਹੈ ਕਿ ਇਸ ਦੌਰਾਨ ਪ੍ਰਸ਼ਾਸਨ ਵਲੋਂ ਵੀ ਮਾਮਲੇ 'ਚ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਡੀਸੀ ਰੂਪਨਗਰ ਵਲੋਂ ਖੁਦ ਮੌਕੇ ਦਾ ਜਾਇਜ਼ਾ ਲਿਆ ਹੈ ਅਤੇ ਨਾਲ ਹੀ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਥੇ ਹੀ ਆਈਟੀਬੀਪੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਵਲੋਂ ਲੋਹੇ ਨੂੰ ਕੱਟਣ ਲਈ ਆਪਣੇ ਉਜ਼ਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।